ਈਰਾਨ ’ਤੇ ਹਮਲਿਆਂ ਖ਼ਿਲਾਫ ਵਿਰੋਧ ਪ੍ਰਦਰਸ਼ਨ
ਈਰਾਨ ’ਤੇ ਇਜ਼ਰਾਈਲੀ ਅਤੇ ਅਮਰੀਕੀ ਹਮਲਿਆਂ ਖਿਲਾਫ ਵਿਰੋਧ ਪ੍ਰਦਰਸ਼ਨ
Publish Date: Sat, 07 Mar 2026 05:58 PM (IST)
Updated Date: Sat, 07 Mar 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰੂਪਨਗਰ : ਕਿਰਤੀ ਕਿਸਾਨ ਮੋਰਚਾ, ਪੰਜਾਬ ਸਟੂਡੈਂਟ ਯੂਨੀਅਨ, ਡੈਮੋਕ੍ਰੇਟਿਕ ਇੰਪਲਾਈਜ਼ ਫੈਡਰੇਸ਼ਨ ਅਤੇ ਮੁਸਲਿਮ ਭਾਈਚਾਰੇ ਵੱਲੋਂ ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਦੇ ਖਿਲਾਫ ਰੂਪਨਗਰ ਸ਼ਹਿਰ ਵਿਚ ਇੱਕ ਰੋਸ ਮਾਰਚ ਕੱਢਿਆ ਗਿਆ।ਇਸ ਮੌਕੇ ਜਾਮਾ ਮਸਜਿਦ ਰੂਪਨਗਰ ਦੇ ਇਮਾਮ ਅਜ਼ਹਰ ਹਸਨ, ਕਿਰਤੀ ਕਿਸਾਨ ਮੋਰਚਾ ਦੇ ਵੀਰ ਸਿੰਘ ਬੜਵਾ ਅਤੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰਦ ਨੇ ਕਿਹਾ ਕਿ ਅਮਰੀਕਾ ਨੇ ਈਰਾਨ ’ਤੇ ਪ੍ਰਮਾਣੂ ਬੰਬ ਬਣਾਉਣ ਦਾ ਝੂਠਾ ਦੋਸ਼ ਲਗਾ ਕੇ ਹਮਲਾ ਕੀਤਾ, ਜਿਸ ਨਾਲ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੀ ਮੌਤ ਹੋ ਗਈ। ਇਹ ਹਮਲੇ ਅਜੇ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਈਰਾਨ ਦੇ ਇੱਕ ਸਕੂਲ ’ਤੇ ਬੰਬ ਸੁੱਟਿਆ ਗਿਆ, ਜਿਸ ਵਿਚ 150 ਤੋਂ ਵੱਧ ਕੁੜੀਆਂ ਦੀ ਮੌਤ ਹੋ ਗਈ। ਅਮਰੀਕਾ ਇਹ ਹਮਲੇ ਮੱਧ ਏਸ਼ੀਆ ਵਿਚ ਚੀਨ ਅਤੇ ਰੂਸ ਦੇ ਪ੍ਰਭਾਵ ਨੂੰ ਖਤਮ ਕਰਨ ਅਤੇ ਈਰਾਨ ਦੇ ਤੇਲ ਅਤੇ ਗੈਸ ਭੰਡਾਰਾਂ ’ਤੇ ਕਬਜ਼ਾ ਕਰਨ ਲਈ ਕਰ ਰਿਹਾ ਹੈ। ਇਸ ਮੌਕੇ ਮਲਾਗਰ ਸਿੰਘ ਖਮਾਣੋਂ ਨੇ ਕਿਹਾ ਕਿ ਅਮਰੀਕੀ ਹਮਲੇ ਦਾ ਵਿਰੋਧ ਕਰਨ ਦੀ ਬਜਾਏ, ਮੋਦੀ ਸਰਕਾਰ ਇਜ਼ਰਾਈਲ ਅੱਗੇ ਝੁਕ ਗਈ ਹੈ ਅਤੇ ਚੁੱਪ-ਚਾਪ ਸਹਿਮਤੀ ਦੇ ਦਿੱਤੀ ਹੈ। ਅਮਰੀਕਾ ਦੇ ਇਸ਼ਾਰੇ ’ਤੇ, ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ ਅਤੇ ਈਰਾਨ ਦੀ ਚਾਬਹਾਰ ਬੰਦਰਗਾਹ ਤੋਂ ਪਿੱਛੇ ਹਟ ਗਿਆ ਹੈ। ਇਸ ਮੌਕੇ ਮਨਪ੍ਰੀਤ ਕੌਰ ਮਨਸਾਲੀ, ਹਰਮਨ ਸਿੰਘ ਖਾਨਪੁਰ, ਸ਼ਮੀਮ ਮੁਹੰਮਦ, ਰਾਜਵੀਰ ਸਿੰਘ, ਕਰਮਦੀਨ, ਸ਼ਾਦਾਬ, ਜਰਨੈਲ ਸਿੰਘ ਮੰਗਰੌੜ, ਮੇਜਰ ਸਿੰਘ ਅਸਮਾਨਪੁਰ, ਅਵਤਾਰ ਸਿੰਘ ਅਸਾਲਤਪੁਰ, ਅਵਤਾਰ ਸਿੰਘ ਬੜਵਾ, ਆਦਿ ਨੇ ਕਿਹਾ ਕਿ ਅਮਰੀਕਾ ਨੂੰ ਤੁਰੰਤ ਹਮਲੇ ਬੰਦ ਕਰਨੇ ਚਾਹੀਦੇ ਹਨ ਅਤੇ ਜੰਗਬੰਦੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੇਤਨਯਾਹੂ ਅਤੇ ਟਰੰਪ ’ਤੇ ਅੰਤਰਰਾਸ਼ਟਰੀ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਤੁਰੰਤ ਇਨ੍ਹਾਂ ਹਮਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਮਰੀਕਾ ਲਈ ਦਲਾਲ ਵਜੋਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਨ੍ਹਾਂ ਜੱਥੇਬੰਦੀਆਂ ਦੇ ਆਗੂ, ਮੈਂਬਰ ਤੇ ਸਮਰਥਕ ਸ਼ਾਮਲ ਸਨ।