ਹਸਪਤਾਲ ’ਤੇ ਸਹੀ ਇਲਾਜ ਨਾ ਕਰਨ ਦੇ ਲਾਏ ਦੋਸ਼
ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ’ਤੇ ਸਹੀ ਇਲਾਜ ਨਾ ਕਰਨ ਦੇ ਲਗਾਏ ਅਰੋਪ
Publish Date: Fri, 06 Mar 2026 07:26 PM (IST)
Updated Date: Fri, 06 Mar 2026 07:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਵਾਰਡ:13 ਦੇ ਦੋ ਦਰਜਨ ਤੋਂ ਵੱਧ ਨਵਸਨੀਕਾਂ ਨੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ’ਤੇ ਵਾਰਡ ਦੇ ਹੀ ਇੱਕ ਮਰੀਜ਼ ਦਾ ਸਹੀ ਇਲਾਜ ਨਾ ਕਰਨ ਦੇ ਅਰੋਪ ਲਗਾਏ ਹਨ, ਜਿਸ ਕਾਰਨ ਮਰੀਜ਼ ਦੀ ਪੀਜੀਆਈ ਚੰਡੀਗੜ੍ਹ ਵਿਚ ਮੌਤ ਹੋ ਗਈ। ਜਦਕਿ ਹਸਪਤਾਲ ਦੇ ਮੁੱਖ ਪ੍ਰਬੰਧਕ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਦੱਸਿਆ ਕਿ ਸਬੰਧਿਤ ਮਰੀਜ਼ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮਰੀਜ਼ ਨੂੰ ਪੀਜੀਆਈ ਭੇਜਿਆ ਗਿਆ ਸੀ। ਇਸ ਸਬੰਧੀ ਹਸਪਤਾਲ ਖਿਲਾਫ ਕਾਰਵਾਈ ਨੂੰ ਲੈ ਕਿ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੇ ਪੱਤਰਾਂ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡਦਿਆਂ ਵਿਵੇਕ ਸ਼ਰਮਾ, ਵਿਜੇ ਕੁਮਾਰ, ਭਗਵਾਨ ਦਾਸ, ਕ੍ਰਿਸ਼ਨ ਲਾਲ, ਕ੍ਰਿਸ਼ਨ ਦੇਵੀ, ਸਨੇਹਲਤਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਪਵਨ ਕੁਮਾਰ ਨੂੰ 3 ਮਾਰਚ ਨੂੰ ਸ਼ਾਮ ਕਰੀਬ 4 ਵਜੇ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋ ਰਹੀ ਸੀ। ਇਸ ਕਾਰਨ ਉਸ ਨੂੰ ਗੁਰਪ੍ਰੀਤ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਮਰੀਜ਼ ਖੁਦ ਤੁਰ ਕੇ ਹਸਪਤਾਲ ਵਿਚ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰ ਵੱਲੋਂ ਮਰੀਜ਼ ਦੀਆਂ ਚੱਲ ਰਹੀਆਂ ਦਵਾਈਆਂ ਸਬੰਧੀ ਜਾਣਕਾਰੀ ਮੰਗੀ ਗਈ। ਇਸ ਦੌਰਾਨ ਜਦੋਂ ਉਸ ਦਾ ਪੁੱਤਰ ਵਿਵੇਕ ਸ਼ਰਮਾ ਆਪਣੇ ਘਰ ਤੋਂ ਦਵਾਈਆਂ ਲੈ ਕੇ ਵਾਪਸ ਗਿਆ ਤਾਂ ਡਾਕਟਰ ਵੱਲੋਂ ਮਰੀਜ਼ ਨੂੰ ਵੈਂਟੀਲੇਟਰ ਲਗਾ ਕੇ ਤੁਰੰਤ ਪੀਜੀਆਈ ਲੈ ਕੇ ਜਾਣ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਡਾਕਟਰਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਪਵਨ ਕੁਮਾਰ ਦੀ ਪੀਜੀਆਈ ਲੈ ਕੇ ਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਵਰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਵਨ ਕੁਮਾਰ ਦੀ ਮੌਤ ਉਕਤ ਹਸਪਤਾਲ ਵਿਚ ਹੀ ਹੋ ਗਈ ਸੀ, ਜਿਸ ਕਾਰਨ ਡਾਕਟਰ ਵੱਲੋਂ ਕਾਹਲੀ ਵਿਚ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਸਬੰਧਤ ਹਸਪਤਾਲ ਅਤੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕ ਡਾ.ਗੁਰਪ੍ਰੀਤ ਸਿੰਘ ਨੇ ਉਪਰੋਕਤ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਪਵਨ ਕੁਮਾਰ ਦੀ ਆਕਸੀਜਨ ਲੈਵਲ ਘੱਟ ਹੋਣ ਤੇ ਦਿਲ ਦੀ ਧੜਕਣ ਘਟਣ ਕਾਰਨ ਅਚਨਚੇਤ ਤਬੀਅਤ ਖਰਾਬ ਹੋ ਗਈ। ਇਸ ਦੇ ਕਾਰਨ ਉਨ੍ਹਾਂ ਵੱਲੋਂ ਮਰੀਜ਼ ਨੂੰ ਐਮਰਜੈਂਸੀ ਸੁਵਿਧਾ ਪ੍ਰਦਾਨ ਕਰਕੇ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਦੀ ਮੌਤ ਲਈ ਹਸਪਤਾਲ ਪ੍ਰਬੰਧਕ ਜ਼ਿੰਮੇਵਾਰ ਨਹੀਂ ਹਨ।