ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੰਤਰੀ ਮੁੰਡੀਆਂ ਨਾਲ ਮੀਟਿੰਗ ਹੋਈ
ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੰਤਰੀ ਮੁੰਡੀਆਂ ਨਾਲ ਮੀਟਿੰਗ ਹੋਈ
Publish Date: Mon, 23 Feb 2026 03:07 PM (IST)
Updated Date: Mon, 23 Feb 2026 03:10 PM (IST)

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਦਰਜਾ ਤਿੰਨ ਤੇ ਚਾਰ, ਇਨਲਿਸਟਮੈਂਟ, ਆਉਟਸੋਰਸਿੰਗ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਬੰਧੀ ਵੱਖ-ਵੱਖ ਜੱਥੇਬੰਦੀਆਂ ਦੀ ਪੀਡਬਲਿਊਡੀਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਮੋਰਿੰਡਾ ਵਿਖੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਨਲਿਸਟੀਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਰੈਗੂਲਰ ਕਰਨਾ, ਟੈਸਟ ਪਾਸ ਦਰਜਾ ਚਾਰ ਮੁਲਾਜ਼ਮਾਂ ਨੂੰ ਦਰਜਾ ਤਿੰਨ ਦੀਆਂ ਖਾਲੀ ਪੋਸਟਾਂ ’ਤੇ ਪ੍ਰਮੋਟ ਕਰਨਾ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨੀਤੀ ਰੱਦ ਕਰਨਾ, ਸਵਰਗਵਾਸ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਨੌਕਰੀਆਂ ਦੇਣਾ, ਮਾਰਚ 2021 ਦੇ ਨਿਯਮਾਂ ਵਿਚ ਮੁਲਾਜ਼ਮ ਪੱਖੀ ਸੋਧਾਂ ਕਰਨਾ, ਆਈਓਟੀ ਸਕੌਡਾ ਪ੍ਰੋਜੈਕਟਾਂ ਦੇ ਭ੍ਰਿਸ਼ਟਾਚਾਰ ਦੀ ਜਾਂਚ ਕਰਨਾ, ਪ੍ਰਮੋਸ਼ਨ ਨੀਤੀ ਬਣਾਉਣਾ, 58 ਸਾਲਾ ਇਨਲਿਸਟਮੈਂਟ ਆਊਟਸੋਰਸਿੰਗ ਕਾਮਿਆ ਦੀ ਛਾਂਟੀ ਨਾ ਕਰਨ, ਵਿਭਾਗੀ ਪ੍ਰੋਪੋਜ਼ਲ ਸਬੰਧੀ ਜੱਥੇਬੰਦੀਆਂ ਦੀ ਸਹਿਮਤੀ ਲੈਣ ਅਤੇ ਵਿਭਾਗ ਨੂੰ ਹੋਰ ਉਸਾਰੂ ਕਰਨ ਲਈ ਸੰਘਰਸ਼ ਕਮੇਟੀ ਦੇ ਸੁਝਾਵਾਂ ਨੂੰ ਲਾਗੂ ਕਰਨਾ, ਹਰ ਫੀਲਡ ਮੁਲਾਜ਼ਮ ਨੂੰ ਘੱਟੋ ਘੱਟ ਇੱਕ ਪ੍ਰਮੋਸ਼ਨ ਦੇਣਾ ਸਮੇਤ ਸਕੀਮਾਂ ਦੀ ਖਸਤਾ ਹਾਲਤ ਸਬੰਧੀ ਵਿਂਤੀ ਤੇ ਨੀਤੀਗਤ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦਰਜਾ ਚਾਰ ਟੈਸਟ ਪਾਸ ਮੁਲਾਜ਼ਮਾਂ ਨੂੰ ਛੇਤੀ ਹੀ ਪ੍ਰਮੋਟ ਕਰਨ ਦੀ ਮੰਗ ਕੀਤੀ। ਇਸ ਮੌਕੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਘਰਸ਼ ਕਮੇਟੀ ਨੂੰ ਪੈਨਲ ਮੀਟਿੰਗ ਕਰਕੇ ਮੰਗਾਂ ਦਾ ਛੇਤੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਜਲ ਜੀਵਨ ਮਿਸ਼ਨ ਤਹਿਤ ਭਾਰਤ ਸਰਕਾਰ ਵੱਲੋਂ ਦਿੱਤੇ ਐਵਾਰਡ ਨੂੰ ਵੀ ਫੀਲਡ ਦੇ ਮੁਲਾਜ਼ਮਾਂ ਤੇ ਕੱਚੇ ਕਾਮਿਆਂ ਦੀ ਮਿਹਨਤ ਦਾ ਨਤੀਜਾ ਦੱਸਿਆ। ਇਸ ਵਿਚ ਕਨਵੀਨਰ ਦੇਵਿੰਦਰ ਸਿੰਘ ਨਾਭਾ, ਹਰਦੇਵ ਸਿੰਘ ਮੱਲੇਵਾਲ, ਸੁੱਖ ਰਾਮ ਕਾਲੇਵਾਲ ਆਦਿ ਹਾਜ਼ਰ ਸਨ।