ਮੇਰੀ ਜ਼ਮੀਨ ਨੂੰ ਨਗਰ ਕੌਂਸਲ ਦੀ ਦੱਸ ਕੇ ਨਾਜਾਇਜ਼ ਮਾਈਨਿੰਗ ਕਹਿਣਾ ਗਲਤ : ਮਨਦੀਪ ਬਾਜਵਾ
ਮੇਰੀ ਜ਼ਮੀਨ ਨੂੰ ਨਗਰ ਕੌਂਸਲ ਦੀ ਦੱਸ ਕੇ ਨਾਜਾਇਜ਼ ਮਾਈਨਿੰਗ ਕਹਿਣਾ ਸਰਾਸਰ ਗਲਤ
Publish Date: Fri, 20 Feb 2026 05:55 PM (IST)
Updated Date: Fri, 20 Feb 2026 05:57 PM (IST)

ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਨਗਰ ਕੌਂਸਲ ਦੀ ਜ਼ਮੀਨ ’ਤੇ ਨਜਾਇਜ਼ ਮਾਈਨਿੰਗ ਸਬੰਧੀ ਪ੍ਰਕਾਸ਼ਿਤ ਖਬਰ ਨੂੰ ਲੈ ਕੇ ਸਥਾਨਕ ਕਲੋਨਾਈਜ਼ਰ ਅਤੇ ਪ੍ਰਸਿੱਧ ਸਮਾਜ ਸੇਵੀ ਮਨਦੀਪ ਸਿੰਘ ਬਾਜਵਾ ਨੇ ਸਪੱਸ਼ਟੀਕਰਨ ਦਿੰਦਿਆਂ ਇਸ ਨੂੰ ਝੂਠ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਨੂੰ ਨਗਰ ਕੌਂਸਲ ਦਾ ਦੱਸਿਆ ਜਾ ਰਿਹਾ ਹੈ, ਉਹ ਉਨ੍ਹਾਂ ਦੀ ਪ੍ਰੌਪਰਟੀ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਹੋਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਨਿਊ ਮੋਰਿੰਡਾ ਰੇਲਵੇ ਰੋਡ ’ਤੇ ਉਸ ਦੀ ਆਪਣੀ ਕਲੌਨੀ ਹੈ ਜੋ ਸਰਕਾਰ ਵੱਲੋਂ ਅਧਿਕਾਰਤ (ਅਪਰੂਵਡ) ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਨਜਾਇਜ਼ ਮਾਈਨਿੰਗ ਕੀਤੀ ਗਈ ਦੱਸੀ ਜਾ ਰਹੀ ਹੈ, ਉਸ ਜਗ੍ਹਾ ’ਤੇ ਪਹਿਲਾਂ ਵੱਡਾ ਟੋਭਾ ਸੀ। ਉਨ੍ਹਾਂ ਵੱਲੋਂ ਸਿਰਫ ਉਸ ਗੰਦੇ ਟੋਭੇ ਦੀ ਸਫਾਈ ਲਈ 2 ਫੁੱਟ ਤੋਂ ਘੱਟ ਗੰਦਗੀ ਚੁੱਕ ਕੇ ਉਸ ਦੀ ਜਗ੍ਹਾ ’ਤੇ ਆਪਣੇ ਖੇਤ ਵਿੱਚੋਂ ਮਿੱਟੀ ਪਵਾ ਕੇ ਨੌਜਵਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਖੇਡਣ ਲਈ ਗਰਾਊਂਡ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਦੀ ਸੀ ਜੋ ਕਿ ਉਨ੍ਹਾਂ ਨੂੰ ਦਿੱਤੀ ਗਈ ਸੀ ਅਤੇ ਇਸ ਦਾ ਐਗਰੀਮੈਂਟ ਵੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਸਬੰਧੀ ਕੁਝ ਕੌਂਸਲਰਾਂ ਦੇ ਕਹਿਣ ’ਤੇ ਪਟਵਾਰੀ ਅਤੇ ਕਾਨੂੰਗੋ ਵੱਲੋਂ ਪੈਮਾਇਸ਼ ਵੀ ਕਰਵਾਈ ਗਈ ਹੈ, ਜਿਸ ਦੇ ਚੱਲਦਿਆਂ ਸਬੰਧਤ ਅਧਿਕਾਰੀਆਂ ਵੱਲੋਂ ਪੈਮਾਇਸ਼ ਦੌਰਾਨ ਲਗਾਏ ਨਿਸ਼ਾਨਾਂ ਦੇ ਤਹਿਤ ਇਹ ਜ਼ਮੀਨ ਉਨ੍ਹਾਂ ਦੇ ਹਿੱਸੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 20-25 ਸਾਲਾਂ ਤੋਂ ਇਸ ਜਗ੍ਹਾ ’ਤੇ 6-6 ਫੁੱਟ ਗੰਦੇ ਪਾਣੀ ਨਾਲ ਟੋਭਾ ਭਰਿਆ ਹੁੰਦਾ ਸੀ ਪ੍ਰੰਤੂ ਉਸ ਸਮੇਂ ਕਿਸੇ ਵੀ ਕੌਂਸਲਰ ਨੇ ਇਸ ਨੂੰ ਠੀਕ ਕਰਨ ਲਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਇਸ ਜਗ੍ਹਾ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਦੋ ਫੁੱਟ ਤੋਂ ਘੱਟ ਮਿੱਟੀ ਭਾਵ ਕਿ ਗੰਦਗੀ ਨੂੰ ਹਟਾ ਕੇ ਆਪਣੇ ਖੇਤ ’ਚੋਂ ਮਿੱਟੀ ਲਿਆ ਕੇ ਪੱਧਰਾ ਕਰਕੇ ਖੇਡ ਮੈਦਾਨ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ’ਤੇ ਇਤਰਾਜ਼ ਕੀਤਾ ਜਾਣਾ ਗਲਤ ਹੈ। ਉਨ੍ਹਾਂ ਕਿਹਾ ਕਿ ਕੁਝ ਕੌਂਸਲਰ ਸ਼ਹਿਰ ਵਿਚ ਹੋ ਰਹੀਆਂ ਨਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਚੁੱਪ ਧਾਰੀ ਬੈਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਦੋ ਕੁ ਮਹੀਨੇ ਪਹਿਲਾਂ ਉਨ੍ਹਾਂ ਨਗਰ ਕੌਂਸਲ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਕੁਝ ਲੋਕ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਜਦ ਕਿ ਸੱਚਾਈ ਪੂਰਾ ਸ਼ਹਿਰ ਤੇ ਇਲਾਕਾ ਜਾਣਦਾ ਹੈ। ਇਸ ਸਬੰਧੀ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕਿਹਾ ਕਿ ਕੌਂਸਲ ਵੱਲੋਂ ਮਾਲ ਵਿਭਾਗ ਅਤੇ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਮਾਈਨਿੰਗ ਸਬੰਧੀ ਰਿਪੋਰਟ ਦੇਣ ਲਈ ਲਿਖਿਆ ਗਿਆ ਹੈ ਅਤੇ ਦੋਵੇਂ ਵਿਭਾਗਾਂ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਉਪਰੰਤ ਹੀ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਸਕੇਗੀ।