ਮੁਫ਼ਤ ਬਿਜਲੀ ਦੀ ਸਕੀਮ ਠੁੱਸ, ਹਜ਼ਾਰਾਂ ਦੇ ਬਿਲ ਆਉਣੇ ਸ਼ੁਰੂ
ਮੁਫ਼ਤ ਬਿਜਲੀ ਦੇਣ ਦੀ ਸਕੀਮ ਠੁੱਸ, ਹਜ਼ਾਰਾਂ ਰੁਪਏ ਦੇ ਬਿਲ ਆਉਣੇ ਸ਼ੁਰੂ
Publish Date: Fri, 20 Feb 2026 04:41 PM (IST)
Updated Date: Fri, 20 Feb 2026 04:42 PM (IST)

ਜੌਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਪਰਿਵਾਰ ਨੂੰ ਬਿਜਲੀ ਦੀ 300 ਯੂਨਿਟ ਮੁਫਤ ਸਹੂਲਤ ਦੇਣ ਦੀ ਸਕੀਮ ਠੁੱਸ ਹੋ ਰਹੀ ਹੈ। ਮੋਰਿੰਡਾ ਖੇਤਰ ਵਿਚ ਆਮ ਖਪਤਕਾਰਾਂ ਨੂੰ ਹੀ ਹਜ਼ਾਰਾਂ ਦੀ ਬਜਾਏ ਲੱਖਾਂ ਰੁਪਏ ਵਿਚ ਬਿਜਲੀ ਦੇ ਬਿਲ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੰਘ ਪੁੱਤਰ ਹਰੀ ਸਿੰਘ ਨਿਵਾਸੀ ਪਿੰਡ ਰੌਣੀ ਕਲਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਨੂੰ ਬਿਜਲੀ ਦਾ ਬਿੱਲ 7,83,006 ਰੁਪਏ ਭੇਜਿਆ ਗਿਆ ਹੈ। ਇਸੇ ਤਰ੍ਹਾਂ ਪਿੰਡ ਅਰਨੌਲੀ ਨਿਵਾਸੀ ਰਣਧੀਰ ਸਿੰਘ ਪੁੱਤਰ ਜਨਕ ਸਿੰਘ ਨੂੰ ਇਕ ਲੱਖ ਤੋਂ ਵੱਧ ਜਦਕਿ ਪਿੰਡ ਅਰਨੌਲੀ ਦੀ ਹੀ ਰਾਜ ਕੌਰ ਨੂੰ ਵੀ ਪੰਜਾਹ ਹਜ਼ਾਰ ਤੋਂ ਵੱਧ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਅਰਨੌਲੀ ਦੇ ਇਕ ਘਰ ਦਾ ਮੀਟਰ ਤੱਕ ਪੁੱਟ ਦਿੱਤਾ ਗਿਆ ਹੈ। ਇਨ੍ਹਾਂ ਪੀੜਤਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਪੁਰਾਣੇ ਬਿਲਾਂ ਨੂੰ ਆਧਾਰ ਬਣਾ ਕੇ ਉਸ ’ਤੇ ਵਿਆਜ ਲਗਾ ਕੇ ਆਮ ਲੋਕਾਂ ਨਾਲ ਧੱਕਾ ਕਰ ਰਹੀ ਹੈ, ਜਦਕਿ ਸਾਬਕਾ ਮੁੱਖ ਮੰਤਰੀ ਚੰਨੀ ਦੀ ਸਰਕਾਰ ਵੱਲੋਂ ਰਹਿੰਦੇ ਬਿਜਲੀ ਦੇ ਬਕਾਇਆ ਬਿਲ ਮਾਫ ਕੀਤੇ ਗਏ ਸਨ। ਇਸ ਸਬੰਧੀ ਜ਼ਿਲ੍ਹਾ ਯੂਥ ਕਾਂਗਰਸ ਦੇ ਆਗੂ ਨਵਜੀਤ ਸਿੰਘ ਨਵੀ, ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਕਾਂਗਰਸੀ ਆਗੂ ਰਣਜੋਧ ਸਿੰਘ ਖੱਟੜਾ ਤੇ ਸਿਕੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਹਰ ਵਰਗ ਦੇ ਰਹਿੰਦੇ ਬਿਜਲੀ ਬਕਾਏ ਮਾਫ਼ ਕੀਤੇ ਗਏ ਸਨ ਪ੍ਰੰਤੂ ਮੌਜੂਦਾ ਸਰਕਾਰ ਮਾਫ ਕੀਤੇ ਬਿਲਾਂ ਨੂੰ ਮੁੜ ਤੋਂ ਭਰਨ ਲਈ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੇਣ ਦਾ ਨਾਅਰਾ ਲਾ ਕੇ ਸੱਤਾ ਵਿਚ ਆਈ ਆਪ ਦੀ ਪੰਜਾਬ ਸਰਕਾਰ ਪਿਛਲੀ ਸਰਕਾਰ ਵੱਲੋਂ ਮੁਆਫ ਕੀਤੇ ਬਿਜਲੀ ਦੇ ਬਿਲ ਭੇਜ ਕੇ ਸੱਤਾ ਦੇ ਸੁਪਨੇ ਲੈਣੇ ਭੁੱਲ ਜਾਵੇ। ਇਸ ਸਬੰਧੀ ਬਿਜਲੀ ਬੋਰਡ ਦੇ ਐੱਸਡੀਓ ਓਂਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਕਨੈਕਸ਼ਨ ਕੱਟਣ ਸਬੰਧੀ ਕਿਹਾ ਜਾ ਰਿਹਾ ਹੈ ਜਿਨਾਂ ਨੇ ਪਿਛਲੇ 4 ਸਾਲ ’ਚ ਬਿਜਲੀ ਦੇ ਬਿੱਲ ਨਹੀਂ ਭਰੇ। ਪਿਛਲੀ ਸਰਕਾਰ ਵੱਲੋਂ ਮਾਫ ਕੀਤੇ ਬਿਲ ਤੋਂ ਬਾਅਦ ਵੱਧ ਯੂਨਿਟ ਖਪਤ ਹੋਣ ਕਰਕੇ ਇਹ ਬਿੱਲ ਬਣੇ ਹਨ ਜੋ ਭਰਨੇ ਜ਼ਰੂਰੀ ਹਨ।