ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਬੀਜ ਕਿੱਟ ਕੀਤੀ ਜਾਰੀ
ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਬੀਜ ਕਿੱਟ ਕੀਤੀ ਜਾਰੀ
Publish Date: Fri, 20 Feb 2026 03:13 PM (IST)
Updated Date: Fri, 20 Feb 2026 03:15 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡਚਲਵਾਲ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀ ਗਰਮ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਘਰੇਲੂ ਬਗੀਚੀ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਘਰ ਵਿਚ ਉਗਾਈਆਂ ਜ਼ਹਿਰ ਮੁਕਤ ਸਬਜ਼ੀਆਂ ਸਿਹਤ ਲਈ ਲਾਭਕਾਰੀ ਹੋਣ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਫਾਇਦੇਮੰਦ ਹਨ। ਉਨ੍ਹਾਂ ਕਿਹਾ ਕਿ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਦੇ ਸੇਵਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਰੂਪਨਗਰ ਡਾ.ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰੇਲੂ ਪੱਧਰ ’ਤੇ ਸਬਜ਼ੀਆਂ ਵਿਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਜੈਵਿਕ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਅਤੇ ਪੌਦਿਆਂ ਵਿਚ ਲੋੜੀਂਦੇ ਪੋਸ਼ਕ ਤੱਤਾਂ ਦੀ ਘਾਟ ਪੂਰੀ ਕਰਨ ਲਈ ਰਸਾਇਣਕ ਖਾਦਾਂ ਦੀ ਬਜਾਏ ਰੂੜੀ ਖਾਦ ਅਤੇ ਗੰਡੋਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮਿੰਨੀ ਕਿੱਟ ਦੇ ਬੀਜ ਲਗਭਗ 3-4 ਮਰਲੇ ਰਕਬੇ ਵਿਚ ਬੀਜੇ ਜਾ ਸਕਦੇ ਹਨ। ਇਸ ਦੇ ਨਾਲ ਕਰੀਬ 200-250 ਕਿਲੋਗ੍ਰਾਮ ਤੱਕ ਸਬਜ਼ੀ ਦੀ ਪੈਦਾਵਾਰ ਸੰਭਵ ਹੈ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ (ਸਬਜ਼ੀ) ਰੂਪਨਗਰ ਡਾ.ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਇਸ ਮਿੰਨੀ ਕਿੱਟ ਵਿਚ ਘੀਆ, ਚੱਪਣ ਕੱਦੂ, ਕਾਉਪੀਜ਼, ਤਰ, ਕਰੇਲਾ, ਘੀਆ ਤੋਰੀ, ਹਲਵਾ ਕੱਦੂ, ਭਿੰਡੀ, ਖੀਰਾ, ਟੀਂਡਾ ਅਤੇ ਖਰਬੂਜ਼ਾ ਦੇ ਬੀਜ ਸ਼ਾਮਿਲ ਹਨ। ਇਹ ਮਿੰਨੀ ਕਿੱਟਾਂ ਜ਼ਿਲ੍ਹਾ ਬਾਗਬਾਨੀ ਦਫਤਰ ਅਤੇ ਵੱਖ-ਵੱਖ ਬਲਾਕ ਬਾਗਬਾਨੀ ਦਫਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਇੱਕ ਕਿੱਟ ਦੀ ਕੀਮਤ 80 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਭਾਰਤ ਭੂਸ਼ਣ ਵੀ ਹਾਜ਼ਰ ਸਨ।