ਹੜ੍ਹਾਂ ਦੌਰਾਨ ਨੁਕਸਾਨੇ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮੁਰੰਮਤ ਕਰਨ ਦੀ ਮੰਗ
ਹੜ੍ਹਾਂ ਦੌਰਾਨ ਨੁਕਸਾਨੇ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮੁਰੰਮਤ ਕਰਨ ਦੀ ਮੰਗ
Publish Date: Wed, 04 Feb 2026 04:24 PM (IST)
Updated Date: Wed, 04 Feb 2026 04:26 PM (IST)

ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ ਬੇਲਾ : ਨੇੜਲੇ ਪਿੰਡ ਦਾਊਦਪੁਰ ਅਤੇ ਫੱਸਿਆਂ ਵਿਖੇ ਬੀਤੇ ਸਾਲ-2025 ਦੇ ਹੜਾਂ ਦੌਰਾਨ ਸਤਲੁੱਜ ਦਰਿਆ ਦੇ ਪਾਣੀਆਂ ਨਾਲ ਬੰਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ। ਇਨ੍ਹਾਂ ਬੰਨ੍ਹਾਂ ਨੂੰ ਅੱਧੇ ਪੰਜਾਬ ਦੇ ਲੋਕਾਂ ਅਤੇ ਫੌਜ ਵੱਲੋਂ ਕਰੀਬ ਇਕ ਹਫਤਾ ਦਿਨ-ਰਾਤ ਸਖਤ ਮਿਹਨਤ ਕਰਕੇ ਮਿੱਟੀ ਨਾਲ ਭਰੇ ਥੈਲੇ ਲਗਾ ਕੇ ਬਚਾਇਆ ਗਿਆ ਸੀ। ਉਸ ਸਮੇਂ ਪੰਜਾਬ ਸਰਕਾਰ ਦੇ ਕਈ ਮੰਤਰੀਆਂ, ਹਲਕਾ ਵਿਧਾਇਕ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਸਨ। ਇਸ ਦੌਰਾਨ ਬੰਨ੍ਹ ਨੂੰ ਲੱਗ ਰਹੇ ਖੋਰੇ ਤੋਂ ਬਚਾਉਣ ਲਈ ਬੰਨ੍ਹ ਦੇ ਦੂਜੇ ਪਾਸੇ ਪਾਣੀ ਸਿੱਧਾ ਕਰਨ ਲਈ ਇੱਕ ਡਰੇਨ ਬਣਾਉਣ ਦੀ ਮੰਗ ਕੀਤੀ ਗਈ ਸੀ। ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਦੇ ਮੋਰਚੇ ਦੇ ਆਗੂ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜਾਂ ਤੋਂ ਤੁਰੰਤ ਬਾਅਦ ਦਰਿਆਵਾਂ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ 4-5 ਮਹੀਨੇ ਬੀਤਣ ਤੋਂ ਬਾਅਦ ਵੀ ਇੱਕ ਪੱਥਰ ਤੱਕ ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਬੰਨ੍ਹ ਦੀ ਮੁਰੰਮਤ ਦਾ ਜਾਇਜਾ ਲੈਣ ਲਈ ਨਹੀਂ ਆਇਆ। ਕਿਸਾਨ ਆਗੂ ਜਸਪ੍ਰੀਤ ਸਿੰਘ ਕਿਹਾ ਕਿ ਦੋਵੇਂ ਬੰਨਾਂ ਦੇ ਐਨ ਵਿਚਕਾਰ ਡਰੇਨ ਪੁੱਟਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਵਾਰ ਮਾਈਨਿੰਗ ਮਾਫੀਆ ਧਾੜਵੀਆਂ ਵਾਂਗ ਮਸ਼ੀਨੀਰੀ ਲੈ ਕੇ ਪਹੁੰਚ ਜਾਂਦੇ ਹਨ ਜੋ ਕਿ ਬੰਨ੍ਹ ਦੇ ਨਾਲ ਤੋਂ ਰੇਤਾ ਚੱਕਦੇ ਹਨ। ਇਨ੍ਹਾਂ ਨੂੰ ਇਲਾਕਾ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਸਰਕਾਰ ਤੇ ਮਾਈਨਿੰਗ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਇਲਾਕਾ ਵਾਸੀ ਵਿਰੋਧ ਨਾ ਕਰਦੇ ਤਾਂ ਹੁਣ ਤੱਕ ਲੱਖਾਂ ਟਿੱਪਰ ਰੇਤਾ ਕੱਢਿਆ ਜਾਣਾ ਸੀ। ਇਸ ਮੌਕੇ ਭਾਕਿਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਜਗੀਰ ਸਿੰਘ ਬਜੀਦਪੁਰ ਨੇ ਬੰਨ੍ਹ ਤੇ ਪਏ ਖਾਲੀ ਥੈਲਿਆਂ ਦਾ ਢੇਰ ਦਿਖਾਉਂਦੇ ਹੋਏ ਕਿਹਾ ਕਿ ਹੜ੍ਹਾਂ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਵੀ ਥੈਲਾ ਮਿੱਟੀ ਦਾ ਭਰ ਕੇ ਬੰਨ੍ਹ ’ਤੇ ਨਹੀਂ ਲਗਾਇਆ ਜਦਕਿ ਭਾਰੀ ਗਿਣਤੀ ਵਿਚ ਥੈਲੇ ਹੁਣ ਵੀ ਬੰਨ੍ਹਾਂ ’ਤੇ ਖਾਲੀ ਪਏ ਹਨ ਜੋ ਕਿ ਪੰਜਾਬ ਦੇ ਲੋਕ ਆਪਣੇ ਖਰਚੇ ’ਤੇ ਲੈ ਕੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਰਿਆ ਵਿਚ ਵਣ ਵਿਭਾਗ ਦੀਆਂ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜ਼ੇ ਛੁਡਾਏ ਅਤੇ ਡੀ ਸਿਲਟਿੰਗ ਰਾਹੀਂ ਮਿੱਟੀ ਕੱਢ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਨੰਬਰਦਾਰ ਗੁਲਜਾਰ ਸਿੰਘ, ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਿੰਰਦਜੀਤ ਸਿੰਘ ਰਾਜਾ, ਗੁਰਮੇਲ ਸਿੰਘ ਸਲਾਹਪੁਰ, ਸਰਪੰਚ ਅਜਮੇਰ ਸਿੰਘ ਸਲਾਹਪੁਰ, ਪੰਚ ਜਸਵਿੰਦਰ ਸਿੰਘ ਸਲਾਹਪੁਰ, ਅਜੈਬ ਸਿੰਘ ਸਲਾਹਪੁਰ, ਸਾਬਕਾ ਸਰਪੰਚ ਰਜਿੰਦਰ ਸਿੰਘ ਰਸੀਦਪੁਰ, ਗੁਰਚਰਨ ਸਿੰਘ ਚੰਨੀ, ਨੰਬਰਦਾਰ ਅਮਰੀਕ ਸਿੰਘ, ਬਲਦੇਵ ਸਿੰਘ, ਪ੍ਰਦੀਪ ਸਿੰਘ ਹਾਫੀਜ਼ਾਬਾਦ ਆਦਿ ਹਾਜ਼ਰ ਸਨ।