ਸਰਕਾਰੀ ਜਾਇਦਾਦਾਂ ਵੇਚਣ ਦਾ ਬਿਜਲੀ ਕਾਮਿਆਂ ਵੱਲੋਂ ਸਖ਼ਤ ਵਿਰੋਧ
ਪੰਜਾਬ ਸਰਕਾਰ ਵੱਲੋਂ ਸਰਕਾਰੀ ਜਾਇਦਾਦਾਂ ਵੇਚਣ ਦਾ ਬਿਜਲੀ ਕਾਮਿਆਂ ਵੱਲੋਂ ਸਖ਼ਤ ਵਿਰੋਧ
Publish Date: Sat, 08 Nov 2025 06:52 PM (IST)
Updated Date: Sat, 08 Nov 2025 06:55 PM (IST)

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਸ਼ਨੀਵਾਰ ਨੂੰ ਬਿਜਲੀ ਵਿਭਾਗ ਦੇ ਕਾਮਿਆਂ ਨੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੀਆਂ ਜਾਇਦਾਦਾਂ ਨੂੰ ਵੇਚਣ ਦੇ ਫ਼ੈਸਲੇ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਤਰਨਤਾਰਨ ਵਿਖ਼ੇ ਸੂਬਾ ਪੱਧਰੀ ਦਿੱਤੇ ਜਾ ਰਹੇ ਧਰਨੇ ’ਚ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮੈਂਬਰ ਜੁਆਇੰਟ ਫੋਰਮ ਪੰਜਾਬ ਸੁਖਵਿੰਦਰ ਸਿੰਘ ਦੁੱਮਣਾ, ਸਰਕਲ ਪ੍ਰਧਾਨ ਟੀਐੱਸਯੂ ਸੁਖਜਿੰਦਰ ਸਿੰਘ, ਪ੍ਰਧਾਨ ਟੀਐੱਸਯੂ ਖਰੜ ਬਲਵਿੰਦਰ ਰਡਿਆਲਾ, ਡਿਵੀਜ਼ਨ ਪ੍ਰਧਾਨ ਐੱਮਐੱਸਯੂ ਸਿਮਰਨਪ੍ਰੀਤ ਸਿੰਘ ਅਤੇ ਗੁਲਜ਼ਾਰ ਸਿੰਘ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਾਵਰਕਾਮ ਨੂੰ ਕਮਜ਼ੋਰ ਕਰਨ ਅਤੇ ਇਸ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਸਾਜ਼ਿਸ਼ ਕਿਸੇ ਵੀ ਹਾਲਤ ਵਿਚ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਰਕਾਮ ਅਦਾਰੇ ਦੀਆਂ ਉਹ ਜਾਇਦਾਦਾਂ, ਜਿਹੜੀਆਂ ਕਈ ਦਹਾਕੇ ਪਹਿਲਾਂ ਵੱਖ-ਵੱਖ ਪੰਚਾਇਤਾਂ ਵੱਲੋਂ ਦਫ਼ਤਰਾਂ ਅਤੇ ਗਰਿੱਡਾਂ ਦੀ ਸਥਾਪਨਾ ਲਈ ਬਿਜਲੀ ਬੋਰਡ ਨੂੰ ਦਾਨ ਵਜੋਂ ਦਿੱਤੀਆਂ ਸਨ, ਨੂੰ ਹੁਣ ਸਰਕਾਰ ਵੱਲੋਂ ਵੇਚਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਵੀ ਹਾਲਤ ਵਿਚ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ਦੇ ਖ਼ਿਲਾਫ਼ ਬਿਜਲੀ ਕਾਮਿਆਂ ਵੱਲੋਂ ਤਰਨਤਾਰਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੈਲੀ ਦੌਰਾਨ ਇਕੱਠੇ ਹੋਏ ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਾਰਕਾਮ ਮਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਬੁਲਾਰਿਆ ਨੇ ਪੀਯੂ ਚੰਡੀਗੜ੍ਹ ਦੇ ਕੇਂਦਰੀਕਰਨ ਦੇ ਫੈਂਸਲੇ ਦੀ ਨਿੰਦਾ ਕੀਤੀ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਵੀ ਕੀਤਾ। ਇਸ ਮੌਕੇ ਅਮਨਦੀਪ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਗੁਰਨਿੰਦਰ ਸਿੰਘ, ਹਰਮਨਦੀਪ ਕੌਰ, ਸਵਨਜੀਤ ਸਿੰਘ, ਜਸਵੀਰ ਸਿੰਘ, ਮਲਕੀਤ ਸਿੰਘ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਸ਼ਾਮਿਲ ਹੋਏ।