ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਪੂਰੇ ਪ੍ਰਬੰਧ ਹੋਣ ‘ਤੇ ਵੀ ਪੰਚਾਇਤ ਨੂੰ ਨਾ ਦਵਾ ਸਕੇ ਕਬਜ਼ਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਮਾਲ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਪ੍ਰਬੰਧ ਪੂਰੇ ਹੋਣ ‘ਤੇ ਵੀ ਗਰਾਮ ਪੰਚਾਇਤ ਦੁੱਲਚੀ ਮਾਜਰਾ ਦੀ ਸ਼ਾਮਲਾਤ ਜਮੀਨ ਤੇ ਨਜਾਇਜ ਕਾਬਜ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਤੋਂ 72 ਕਨਾਲ 4 ਮਰਲੇ ਜਮੀਨ ਦਾ ਕਬਜ਼ਾ ਦਿਵਾਉਣ ਵਿਚ ਅਸਫ਼ਲ ਰਹੇ।ਆਪ ਦੇ ਆਗੂ ਤੇ ਪਿੰਡ ਦੁਲਚੀ ਮਾਜਰਾ ਦੇ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ 4 ਨਵੰਬਰ 2025 ਨੂੰ ਗਰਾਮ ਪੰਚਾਇਤ ਦੁੱਲਚੀ ਮਾਜਰਾ ਦੀ ਸ਼ਾਮਲਾਤ ਜਮੀਨ ਤੇ ਨਜਾਇਜ ਕਾਬਜ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਪਿੰਡ ਦੁੱਲਚੀ ਮਾਜਰਾ ਖਿਲਾਫ ਇੱਕ ਕੇਸ ਕੂਲੈਕਟਰ (ਪੰਚਾਇਤ ਲੈਂਡ) ਰੂਪਨਗਰ ਦੀ ਅਦਾਲਤ ਵਿਚ ਚੱਲ ਰਿਹਾ ਸੀ। ਜਿਸ ਦਾ ਫੈਸਲਾ ਮਿਤੀ:9 ਮਈ 2025 ਨੂੰ ਗਰਾਮ ਪੰਚਾਇਤ ਦੇ ਹੱਕ ਵਿਚ ਕਰਦੇ ਹੋਏ ਟਰੱਸਟ ਨੂੰ ਬੇਦਖਲ ਕਰ ਦਿੱਤਾ ਗਿਆ,ਪਰ ਟਰੱਸਟ ਵੱਲੋਂ ਕਬਜਾ ਨਾ ਛੱਡਣ ਕਰਕੇ ਕਲੈਕਟਰ ਵੱਲੋਂ ਮਿਤੀ 4 ਜੁਲਾਈ 2025 ਨੂੰ ਕਬਜਾ ਵਾਰੰਟ ਜਾਰੀ ਕਰਦੇ ਹੋਏ ਤਹਿਸੀਲਦਾਰ ਸ਼੍ਰੀ ਚਮਕੌਰ ਸਾਹਿਬ ਨੂੰ ਹਦਾਇਤ ਕੀਤੀ ਗਈ ਕਿ ਜਮੀਨ ਕਬਜਾ ਗਰਾਮ ਪੰਚਾਇਤ ਨੂੰ ਦਿਵਾਇਆ ਜਾਵੇ। ਉਨਾਂ ਦੱਸਿਆ ਕਿ ਮੰਗਲਵਾਰ ਨੂੰ ਕਬਜਾ ਕਾਰਵਾਈ ਲਈ ਮੌਕੇ ਤੇ ਬੀਡੀਪੀਓ ਰੂਪਨਗਰ, ਪੰਚਾਇਤ ਅਫਸਰ ਬਲਾਕ ਰੂਪਨਗਰ ਅਤੇ ਪਟਵਾਰੀ, ਬੀਡੀਪੀਓ ਮੋਰਿੰਡਾਂ ਤੋਂ ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰ, ਤਹਿਸੀਲਦਾਰ, ਸ਼੍ਰੀ ਚਮਕੌਰ ਸਾਹਿਬ ਅਤੇ ਉਨ੍ਹਾਂ ਦਾ ਸਟਾਫ, ਪੁਲਿਸ ਪਾਰਟੀ ਅਤੇ ਸਮੂਹ ਗਰਾਮ ਪੰਚਾਇਤ ਮੌਕੇ ਹਾਜਰ ਸੀ। ਉਨਾਂ ਕਿਹਾਕਿ ਅੱਜ ਜਦੋਂ ਕਬਜਾ ਕਾਰਵਾਈ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਤਾਂ ਮੌਕੇ ਤੇ ਹਾਜਰ ਰਮਨ ਗੁਪਤਾ ਤਹਿਸੀਲਦਾਰ, ਸ਼੍ਰੀ ਚਮਕੌਰ ਸਾਹਿਬ ਅਤੇ ਬੀਡੀਪੀਓ ਦਫਤਰ ਮੋਰਿੰਡਾਂ ਦੇ ਪੰਚਾਇਤ ਅਫਸਰ ਵੱਲੋਂ ਕਬਜਾ ਕਾਰਵਾਈ ਅਮਲ ਵਿਚ ਲਿਆਉਣ ਤੋਂ ਇੰਨਕਾਰ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਕਬਜਾ ਕਾਰਵਾਈ ਲਈ ਅਸੀਂ ਉੱਚ ਅਧਿਕਾਰੀਆਂ ਪਾਸੋਂ ਰਹਿਬਰੀ ਲੈ ਕੇ ਕਬਜਾ ਕਾਰਵਾਈ ਕਰਾਂਗੇ। ਸਰਪੰਚ ਜਗਤਾਰ ਸਿੰਘ ਨੇ ਕਿਹਾਕਿ ਜਦੋਂ ਕਿ ਸਭ ਕੁੱਝ ਪੰਚਾਇਤ ਦੇ ਹੱਕ ਵਿਚ ਹੋਣ ਅਤੇ ਕਬਜਾ ਕਾਰਵਾਈ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਬਾਵਜੂਦ ਵੀ ਕਰੋੜਾਂ ਰੁਪਏ ਦੀ ਜਮੀਨ ਦਾ ਕਬਜਾ ਗਰਾਮ ਪੰਚਾਇਤ ਨੂੰ ਨਹੀ ਦਿਵਾਇਆ ਗਿਆ। ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾਕਿ ਅਸੀਂ ਸਮੂਹ ਪੰਚਾਇਤ ਮੈਂਬਰ ਮੰਗ ਕਰਦੇ ਹਾਂ ਕਿ ਸਾਨੂੰ ਗਰਾਮ ਪੰਚਾਇਤ ਦੀ ਟਰੱਸਟ ਦੇ ਕਬਜੇ ਅਧੀਨ ਜਮੀਨ ਦਾ ਕਬਜਾ ਇੱਕ ਹਫਤੇ ਦੇ ਅੰਦਰ ਅੰਦਰ ਦਿਵਾਇਆ ਜਾਵੇ। ਜੇਕਰ ਸਾਨੂੰ ਕਬਜਾ ਨਹੀ ਦਿਵਾਇਆ ਜਾਂਦਾ ਤਾਂ ਅਸੀਂ ਸਮੂਹ ਪੰਚਾਇਤ ਮੈਂਬਰ ਇਸ ਦੇ ਰੋਸ ਵੱਜੋਂ ਆਪਣੇ ਅਹੁੱਦਿਆ ਤੋਂ ਅਸਤੀਫਾ ਦੇ ਦੇਵਾਂਗੇ,ਜਿਸ ਲਈ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਉੱਧਰ ਬੀਡੀਪੀਓ ਰੂਪਨਗਰ ਅਮਿਤ ਸ਼ਰਮਾ ਨੇ ਕਿਹਾਕਿ ਕੇਸ ਕੋਰਟ ਵਿਚ ਪੈਡਿੰਗ ਹੈ ਜਿਸ ਦੇ ਸਬੱਧ ਵਿਚ ਉੱਚ ਅਧਿਕਾਰੀਆ ਨਾਲ ਗੱਲਬਾਤ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।