ਬਿਨਾਂ ਤਲਾਕ ਦੂਜਾ ਵਿਆਹ ਕਰਵਾਉਣ ਸਬੰਧੀ ਮਾਮਲਾ ਦਰਜ
ਮੋਰਿੰਡਾ ਪੁਲਿਸ ਨੇ ਬਿਨਾਂ ਤਲਾਕ ਦੂਜਾ ਵਿਆਹ ਕਰਵਾਉਣ ਸਬੰਧੀ ਕੀਤਾ ਮਾਮਲਾ ਦਰਜ
Publish Date: Sat, 18 Oct 2025 05:05 PM (IST)
Updated Date: Sat, 18 Oct 2025 05:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਪੁਲਿਸ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਊਣ ਅਤੇ ਬੱਚਿਆਂ ਨੂੰ ਅਗਵਾ ਕਰਨ ਦੇ ਇਲਜ਼ਾਮ ਵਿਚ ਪਤੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਮੁਖੀ ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਮਾਮਲਾ ਰਾਜ ਵਰਮਾ ਵਾਸੀ ਅਰੋੜਾ ਕਲੋਨੀ (ਹੁਸ਼ਿਆਰਪੁਰ) ਖਿਲਾਫ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੀੜਤਾ ਪਤਨੀ ਨੇ ਐੱਸਐੱਸਪੀ. ਗੁਲਨੀਤ ਸਿੰਘ ਖੁਰਾਣਾ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ, ਹਾਲਾਂਕਿ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਹੈ। ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪ੍ਰਵੀਨ ਵਰਮਾ ਹਾਲ ਵਾਸੀ ਵਾਰਡ-6 ਖੰਡ ਮਿੱਲ ਰੋਡ ਮੋਰਿੰਡਾ ਨੇ ਮਾਮਲੇ ਨੂੰ ਲੈ ਕੇ ਅਗਸਤ ਮਹੀਨੇ ਚ ਦਰਖ਼ਾਸਤ ਦਿੱਤੀ ਸੀ। ਉਸ ਨੇ ਦਰਖਾਸਤ ਵਿਚ ਦੱਸਿਆ ਕਿ ਉਸ ਦਾ ਵਿਆਹ 19 ਅਪ੍ਰੈਲ 2008 ਨੂੰ ਰਾਜ ਵਰਮਾ ਨਾਲ ਹੋਇਆ ਸੀ । ਉਨ੍ਹਾਂ ਦੇ 2 ਬੱਚੇ (14 ਸਾਲ ਦੀ ਲੜਕੀ ਤੇ 8 ਸਾਲ ਦਾ ਲੜਕਾ) ਹਨ। ਪਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚਪੜਾਸੀ ਹੈ, ਜਿਸ ਦੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ ਘਰ ਚ ਕਲੇਸ਼ ਰਹਿੰਦਾ ਸੀ ਤੇ ਉਹ ਹਮੇਸ਼ਾ ਕੁੱਟਮਾਰ ਕਰਦਾ ਤੇ ਦਾਜ ਮੰਗਦਾ ਸੀ। ਰਾਜ ਵਰਮਾ ਨੇ 9 ਜਨਵਰੀ 2021 ਨੂੰ ਬੱਚਿਆਂ ਸਮੇਤ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਸ ਬਾਅਦ ਉਹ ਬੱਚਿਆਂ ਸਮੇਤ ਮਾਪਿਆਂ ਨਾਲ ਮੋਰਿੰਡਾ ਵਿਖੇ ਰਹਿਣ ਲੱਗ ਪਈ। ਇਸ ਦੌਰਾਨ ਪਤਾ ਲੱਗਾ ਹੈ ਕਿ ਪਤੀ ਨੇ ਤਲਾਕ ਦਿੱਤੇ ਬਿਨਾਂ ਕਿਸੇ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ। ਪੀੜਤਾ ਨੇ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਉਸ ਦੇ ਪਤੀ ਤੇ ਖਰਚਾ ਨਾ ਦੇਣ, ਦਾਜ ਮੰਗਣ, ਬਿਨਾਂ ਤਲਾਕ ਵਿਆਹ ਤੇ ਕੁੱਟਮਾਰ ਕਰਨ ਸਬੰਧੀ ਸਖਤ ਕਾਰਵਾਈ ਕੀਤੀ ਜਾਵੇ। ਏਐੱਸਆਈ ਅੰਗਰੇਜ਼ ਸਿੰਘ ਅਨੁਸਾਰ ਪੜਤਾਲ ਉੱਪ ਪੁਲਸ ਕਪਤਾਨ ਰੂਪਨਗਰ ਵੱਲੋਂ ਕੀਤੀ ਗਈ ਜਿਸ ਚ ਦੂਜਾ ਵਿਆਹ ਕਰਨ ਦਾ ਦੋਸ਼ ਸਹੀ ਮਿਲਿਆ ਤੇ ਡੀਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਤੇ ਐੱਸਐੱਸਪੀ ਰੂਪਨਗਰ ਦੀ ਪ੍ਰਵਾਨਗੀ ਉਪਰੰਤ ਸਿਟੀ ਥਾਣੇ ਚ ਰਾਜ ਵਰਮਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।