ਰਾਣਾ ਕੇਪੀ ਨੇ ਨਾਜਾਇਜ਼ ਮਾਈਨਿੰਗ ਕਾਰਨ ਨੁਕਸਾਨੇ ਪੁਲ਼ ਦਾ ਲਿਆ ਜਾਇਜ਼ਾ
ਨਾਜਾਇਜ ਮਾਈਨਿੰਗ ਕਾਰਨ ਨੁਕਸਾਨੇ ਪੁਲ ਦਾ ਰਾਣਾ ਕੇਪੀ ਸਿੰਘ ਨੇ ਲਿਆ ਜਾਇਜ਼ਾ
Publish Date: Sun, 10 May 2026 05:11 PM (IST)
Updated Date: Mon, 11 May 2026 04:03 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪਿਛਲੇ ਲੰਬੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਨੇੜਲੇ ਪਿੰਡ ਚੰਦਪੁਰ ਦੇ ਨਜਦੀਕ ਕਾਰ ਸੇਵਾ ਗੁਰਦੁਆਰਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ਾਂ ਵੱਲੋਂ ਬਣਾਏ ਪੁਲ ਨੂੰ ਪੁੱਜੇ ਨੁਕਸਾਨ ਦਾ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਜਾਇਜ਼ਾ ਲਿਆ ਗਿਆ। ਨਜਾਇਜ਼ ਮਾਈਨਿੰਗ ਕਾਰਨ ਪੁਲ ਦੀ ਮਾੜੀ ਹੋ ਚੁੱਕੀ ਹਾਲਤ ਉੱਪਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਨੂੰ ਆਪਸ ਵਿੱਚ ਜੋੜਦੇ ਪੁਲਾਂ ਦੀ ਹਾਲਤ ਦਿਨ-ਬ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪਹਿਲਾਂ ਐਲਗਰਾਂ ਪਿੰਡ ਵਾਲਾ ਪੁਲ ਨਜਾਇਜ਼ ਮਾਈਨਿੰਗ ਦੀ ਭੇਂਟ ਚੜਿਆ ਸੀ, ਜਿਸ ਨੂੰ ਪੰਜਾਬ ਸਰਕਾਰ ਅਜੇ ਤੱਕ ਵੀ ਨਵੇਂ ਸਿਰੇ ਤੋਂ ਨਹੀਂ ਬਣਵਾ ਸਕੀ ਅਤੇ ਹੁਣ ਇਹ ਚੰਦਪੁਰ ਪਿੰਡ ਵਾਲਾ ਪੁਲ ਵੀ ਨਜਾਇਜ਼ ਮਾਈਨਿੰਗ ਦੀ ਭੇਂਟ ਚੜਦਾ ਜਾ ਰਿਹਾ ਹੈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਰਾਣਾ ਕੇ ਪੀ ਸਿੰਘ ਨੇ ਦੋਸ਼ ਲਗਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਏਰੀਏ ਵਿੱਚ ਨਜਾਇਜ਼ ਮਾਈਨਿੰਗ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਜਦ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਹਰਜੋਤ ਬੈਂਸ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਲਕੇ ਅੰਦਰ ਨਜਾਇਜ਼ ਮਾਈਨਿੰਗ ਬਿਲਕੁਲ ਵੀ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਜਿੱਤਣ ਤੋਂ ਬਾਅਦ ਹਰਜੋਤ ਬੈਂਸ ਆਪਣੇ ਕੀਤੇ ਹੋਏ ਵਾਅਦੇ ਭੁੱਲ ਗਏ। ਰਾਣਾ ਕੇ ਪੀ ਸਿੰਘ ਨੇ ਅੱਗੇ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਨਜਾਇਜ਼ ਮਾਈਨਿੰਗ ਨੂੰ ਨੱਥ ਨਾ ਪਾਈ ਤਾਂ ਸ੍ਰੀ ਅਨੰਦਪੁਰ ਸਾਹਿਬ ਏਰੀਏ ਦੇ ਪਿੰਡਾਂ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕੇਗਾ। ਇਸ ਮੌਕੇ ਉਨਾਂ ਨਾਲ ਬਲਾਕ ਕਾਂਗਰਸ ਦੇ ਪ੍ਰਧਾਨ ਹਿਮਾਂਸ਼ੂ ਟੰਡਨ, ਪਾਲੀ ਸ਼ਾਹ ਕੋੜਾ, ਗੁਰਵੀਰ ਸਿੰਘ ਗੱਜਪੁਰ, ਸਰਪੰਚ ਜਸਵਿੰਦਰ ਸਿੰਘ, ਸਾਬਕਾ ਸਰਪੰਚ ਜਸਪਾਲ ਰਾਣਾ, ਕਾਬਲ ਸਿੰਘ ਰਾਣਾ, ਦਿਨੇਸ਼ ਕੁਮਾਰ ਲੱਕੀ ਅਗੰਮਪੁਰ, ਰਣਦੀਪ ਸਿੰਘ, ਚਰਨਪਾਲ ਸਿੰਘ, ਅਜੈ ਕੁਮਾਰ ਬਰੋਟੂ ਆਦਿ ਹਾਜ਼ਰ ਸਨ।