ਹਿਮਾਚਲ ਐਂਟਰੀ ਟੈਕਸ ਵਿਰੁੱਧ ਪੰਜਾਬੀਆਂ ਦਾ ਪਹਿਲਾ ਵੱਡਾ ਐਕਸ਼ਨ ਅੱਜ
ਹਿਮਾਚਲ ਐਂਟਰੀ ਟੈਕਸ ਵਿਰੁੱਧ ਪੰਜਾਬੀਆਂ ਦਾ ਪਹਿਲਾ ਵੱਡਾ ਐਕਸ਼ਨ ਅੱਜ ਸਵੇਰੇ ਮੋੜਾ ਟੋਲ ਪਲਾਜਾ ‘ਤੇ ਸਾਢੇ 10 ਵਜੇ ਇਕੱਠ ਦੀ ਕਾਲ
Publish Date: Sun, 15 Mar 2026 06:50 PM (IST)
Updated Date: Mon, 16 Mar 2026 04:13 AM (IST)

ਮੋੜਾ ਟੋਲ ਪਲਾਜਾ ‘ਤੇ ਸਾਢੇ 10 ਵਜੇ ਇਕੱਠ ਦੀ ਕਾਲ ਜੰਗ ਬਹਾਦਰ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਦੇ ਵਾਹਨਾਂ ਉੱਤੇ ਲਗਾਏ ਗਏ ਐਂਟਰੀ ਟੈਕਸ ਦੇ ਖ਼ਿਲਾਫ਼ ਸਰਹੱਦੀ ਇਲਾਕਿਆਂ ਦੇ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਫੈਸਲੇ ਦੇ ਵਿਰੋਧ ਵਿਚ ਪੰਜਾਬ ਦੇ ਟੈਕਸੀ ਚਾਲਕ-ਮਾਲਕਾਂ ਅਤੇ ਵੱਖ-ਵੱਖ ਯੂਨੀਅਨਾਂ ਵੱਲੋਂ ਅੱਜ ਸਵੇਰੇ ਪਹਿਲਾ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਵੱਲੋਂ ਚੰਡੀਗੜ੍ਹ–ਮਨਾਲੀ ਨੈਸ਼ਨਲ ਹਾਈਵੇ ‘ਤੇ ਕੀਰਤਪੁਰ ਤੋਂ ਅੱਗੇ ਮੋੜਾ ਟੋਲ ਪਲਾਜਾ ‘ਤੇ ਸਵੇਰੇ 11:30 ਵਜੇ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਹੈ। ਆਗੂਆਂ ਨੇ ਦੱਸਿਆ ਇਸ ਤੋਂ ਪਹਿਲਾਂ 11 ਵਜੇ ਪਤਾਲਪੁਰੀ ਚੌਂਕ ਫਲਾਈ ਓਵਰ ਹੇਠਾਂ ਇੱਥੋਂ ਇਕੱਠੇ ਹੋ ਕੇ ਮੋੜਾ ਵੱਲ ਕੂਚ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਦਾਖਲਾ ਕਰ ਦੇ ਨਾਂ ‘ਤੇ ਲਾਇਆ ਗਿਆ ਇਹ ਐਂਟਰੀ ਟੈਕਸ ਪੰਜਾਬ ਦੇ ਲੋਕਾਂ ਨਾਲ ਸਿੱਧਾ ਅਨਿਆਇ ਹੈ। ਸਰਹੱਦੀ ਇਲਾਕਿਆਂ ਦੇ ਹਜ਼ਾਰਾਂ ਲੋਕ ਰੋਜ਼ੀ-ਰੋਟੀ ਲਈ ਹਰ ਰੋਜ਼ ਹਿਮਾਚਲ ਆਉਣ-ਜਾਣ ਕਰਦੇ ਹਨ ਅਤੇ ਇਸ ਤਰ੍ਹਾਂ ਦਾ ਟੈਕਸ ਲਗਾ ਕੇ ਆਮ ਲੋਕਾਂ ‘ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ‘ਤੇ ਧਰਨੇ-ਪ੍ਰਦਰਸ਼ਨ ਅਤੇ ਰੋਡ ਰੋਕੋ ਅੰਦੋਲਨ ਵੀ ਕੀਤੇ ਜਾਣਗੇ। ਆਗੂਆਂ ਨੇ ਦਾਅਵਾ ਕੀਤਾ ਕਿ ਇਸ ਮਸਲੇ ‘ਤੇ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਦੇ ਲੋਕ ਇਕੱਠੇ ਹੋ ਰਹੇ ਹਨ ਅਤੇ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਵੱਡੀ ਲਹਿਰ ਬਣ ਰਹੀ ਹੈ। ਸੰਘਰਸ਼ ਦੇ ਆਗੂਆਂ ਨੇ ਟੈਕਸੀ ਚਾਲਕਾਂ, ਟਰਾਂਸਪੋਰਟਰਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਮੋੜਾ ਟੋਲ ਪਲਾਜਾ ‘ਤੇ ਪਹੁੰਚ ਕੇ ਇਸ ਸੰਘਰਸ਼ ਦਾ ਹਿੱਸਾ ਬਣਨ ਤਾਂ ਜੋ ਹਿਮਾਚਲ ਸਰਕਾਰ ਨੂੰ ਲੋਕਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਟੈਕਸੀ ਚਾਲਕਾਂ ਦੀ ਨਹੀਂ ਸਗੋਂ ਹਰ ਉਸ ਵਿਅਕਤੀ ਦੀ ਹੈ ਜੋ ਕੰਮ-ਕਾਜ ਲਈ ਹਿਮਾਚਲ ਜਾਂਦਾ ਹੈ, ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਇਸ “ਜਜ਼ੀਆ ਟੈਕਸ” ਦਾ ਵਿਰੋਧ ਕਰਨਾ ਪਵੇਗਾ। ਇਸ ਮੌਕੇ ਕਨਵੀਨਰ ਗੌਰਵ ਰਾਣਾ, ਕਿਸਾਨ ਆਗੂ ਸੇਠੀ ਸ਼ਰਮਾ, ਪ੍ਰਿੰਸ ਬਢਲ, ਤਰਲੋਚਨ ਸਿੰਘ ਬਡਲ, ਜੱਸੀ ਰਾਣਾ, ਐਮ.ਸੀ. ਵਿਕਰਮਜੀਤ ਸਿੰਘ ਸੰਧੂ, ਐਡਵੋਕੇਟ ਨਿਖਿਲ ਕੁਮਾਰ ਸਮੇਤ ਕਈ ਹੋਰ ਆਗੂ ਮੌਜੂਦ ਸਨ।