ਇਸ ਤੋਂ ਪਹਿਲਾਂ ਰੋਪੜ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ’ਤੇ ਅਮਲ ਯਕੀਨੀ ਬਣਾਉਣ ਦਾ ਹੁਕਮ ਦੇਣ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ-3 ਥਾਣੇ ਦੇ ਇੰਚਾਰਜ ਨਰਿੰਦਰ ਪਟਿਆਲ ਨੂੰ ਚਾਰ ਦਿਨਾਂ ਦੇ ਅੰਦਰ ਇਹ ਦੱਸਣ ਲਈ ਕਿਹਾ ਕਿ ਨਵਨੀਤ ਨੂੰ ਕਿਨ੍ਹਾਂ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੇ ਆਪਣੇ ਕੋਲ ਰੱਖਿਆ।
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ/ਰੋਪੜ : ਪੰਜਾਬ ਦੀ ਰਾਜ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਆਜ਼ਾਦ ਉਮੀਦਵਾਰ ਬਣਨ ਵਾਲੇ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਚੰਡੀਗੜ੍ਹ ਪੁਲਿਸ ਤੋਂ ਲੈ ਕੇ ਗ੍ਰਿਫ਼ਤਾਰ ਕਰ ਲਿਆ। ਰੋਪੜ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੇ ਇਸ ਮਾਮਲੇ ’ਚ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੇ ਰੋਪੜ ਕੋਰਟ ਵੱਲੋਂ ਚੰਡੀਗੜ੍ਹ ਦੀ ਐੱਸਐੱਸਪੀ ਨੂੰ ਗ੍ਰਿਫ਼ਤਾਰੀ ਵਾਰੰਟ ’ਤੇ ਅਮਲ ਯਕੀਨੀ ਬਣਾਉਣ ਦੇ ਸਖ਼ਤ ਹੁਕਮ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਨਵਨੀਤ ਪੰਜਾਬ ਪੁਲਿਸ ਦੇ ਹਵਾਲੇ ਕਰਨਾ ਪਿਆ। ਨਵਨੀਤ ਖ਼ਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਲੈ ਕੇ ਮੰਗਲਵਾਰ ਨੂੰ ਜਦੋਂ ਰੋਪੜ ਪੁਲਿਸ ਚੰਡੀਗੜ੍ਹ ਵਿਧਾਨ ਸਬਾ ਪੁੱਜੀ ਤਾਂ ਉੱਥੇ ਮੌਜੂਦ ਚੰਡੀਗੜ੍ਹ ਪੁਲਿਸ ਉਸ ਨੂੰ ਲੈ ਕੇ ਨਿਕਲ ਗਈ। ਪੰਜਾਬ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਸੁਖਣਾ ਝੀਲ ਨੇੜੇ ਦੋਵਾਂ ਪੁਲਿਸ ਦੀਆਂ ਦੋਵਾਂ ਟੀਮਾਂ ’ਚ ਝੜਪ ਵੀ ਹੋਈ ਤੇ ਦੋਵਾਂ ਨੇ ਇਕ ਦੂਜੇ ’ਤੇ ਪਿਸਤੌਲ ਵੀ ਤਾਣ ਦਿੱਤੇ। ਅਖ਼ੀਰ ਚੰਡੀਗੜ੍ਹ ਪੁਲਿਸ ਨਵਨੀਤ ਨੂੰ ਸੈਕਟਰ-3 ਥਾਣੇ ’ਚ ਲੈ ਗਈ। ਇੱਥੇ ਪੰਜਾਬ ਪੁਲਿਸ ਸਾਰੀ ਰਾਤ ਨਵਨੀਤ ਦੀ ਗ੍ਰਿਫ਼ਤਾਰੀ ਲਈ ਬੈਠੀ ਰਹੀ। ਅਖ਼ੀਰ ਬੁੱਧਵਾਰ ਨੂੰ ਅਦਾਲਤ ਦੇ ਹੁਕਮਾਂ ਮਗਰੋਂ ਚੰਡੀਗੜ੍ਹ ਪੁਲਿਸ ਨੇ ਨਵਨੀਤ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੰਜਾਬ ਪੁਲਿਸ ਵਨੀਤ ਨੂੰ ਆਪਣੇ ਨਾਲ ਰੋਪੜ ਲੈ ਗਈ।
ਇਸ ਤੋਂ ਪਹਿਲਾਂ ਰੋਪੜ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ’ਤੇ ਅਮਲ ਯਕੀਨੀ ਬਣਾਉਣ ਦਾ ਹੁਕਮ ਦੇਣ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ-3 ਥਾਣੇ ਦੇ ਇੰਚਾਰਜ ਨਰਿੰਦਰ ਪਟਿਆਲ ਨੂੰ ਚਾਰ ਦਿਨਾਂ ਦੇ ਅੰਦਰ ਇਹ ਦੱਸਣ ਲਈ ਕਿਹਾ ਕਿ ਨਵਨੀਤ ਨੂੰ ਕਿਨ੍ਹਾਂ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੇ ਆਪਣੇ ਕੋਲ ਰੱਖਿਆ।
ਰੋਪੜ ਪੁਲਿਸ ਨੇ 14 ਅਕਤਬੂਰ ਨੂੰ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਸੁਖਵਿੰਦਰ ਸਿੰਘ ਦੀ ਅਦਾਲਤ ’ਚ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਤੋਂ ਬਾਅਦ ਕੋਰਟ ਨੇ ਨਵਨੀਤ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਰੋਪੜ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਰੋਪੜ ’ਚ 13 ਅਕਤੂਬਰ ਦੀ ਰਾਤ 11.35 ਵਜੇ ਐੱਫਆਈਆਰ ਨੰਬਰ 275 ਦਰਜ ਕੀਤੀ ਗਈ ਸੀ। ਇਸ ’ਚ ਦੋਸ਼ ਲਗਾਇਆ ਗਿਆ ਸੀ ਕਿ ਨਵਨੀਤ ਨੇ ਰਾਜ ਸਭਾ ਨਾਮਜ਼ਦਗੀ ’ਚ ਵਿਧਾਇਕ ਦੇ ਫ਼ਰਜ਼ੀ ਹਸਤਾਖਰ ਕੀਤੇ ਤੇ ਉਨ੍ਹਾਂ ਦੇ ਸਮਰਥਨ ਦਾ ਝੂਠਾ ਦਾਅਵਾ ਪੇਸ਼ ਕੀਤਾ।
ਹਾਈ ਕੋਰਟ ਨੇ ਦੋਵਾਂ ਧਿਰਾਂ ਤੋਂ ਮੰਗਿਆ ਚਾਰ ਤੱਕ ਜਵਾਬ
ਮੰਗਲਵਾਰ ਦੇਰ ਸ਼ਾਮ ਨਵਨੀਤ ਨੇ ਆਪਣੀ ਨਾਮਜ਼ਦਗੀ ਰੱਦ ਕੀਤੇ ਜਾਣ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਆਪੇ ਵਕੀਲ ਰਾਹੀਂ ਪਟੀਸ਼ਨ ਦਾਖ਼ਲ ਕੀਤੀ ਸੀ। ਬੁੱਧਵਾਰ ਨੂੰ ਇਸ ’ਤੇ ਸੁਣਵਾਈ ਹੋਈ। ਹਾਈ ਕੋਰਟ ’ਚ ਨਵਨੀਤ ਦੇ ਵਕੀਲ ਨੇ ਦੱਸਿਆ ਕਿ ਜਿਨ੍ਹਾਂ 10 ਵਿਧਾਇਕਾਂ ਨੇ ਨਵਨੀਤ ਦਾ ਨਾਂ ਪੇਸ਼ ਕੀਤਾ, ਉਨ੍ਹਾਂ ਦੇ ਨਾਂ ਜਨਤਕ ਕਰ ਦਿੱਤੇ ਗਏ ਜਿਸ ਨਾਲ ਉਨ੍ਹਾਂ ’ਤੇ ਸਿਆਸੀ ਦਬਾਅ ਬਣਾਇਆ ਗਿਆ। ਉਸ ਤੋਂ ਬਾਅਦ ਉਨ੍ਹਾਂ ਹੀ ਵਿਧਾਇਕਾਂ ’ਤੇ ਦਬਾਅ ਪਾ ਕੇ ਵੱਖ-ਵੱਖ ਥਾਵਾਂ ’ਤੇ ਕਈ ਐੱਫਆਈਆਰ ਦਰਜ ਕਰ ਦਿੱਤੀਆਂ ਗਈਆਂ। ਇਸ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਦੱਸੋ, ਨਵਨੀਤ ਚਤੁਰਵੇਦੀ ਨੇ ਆਖ਼ਰ ਕੀਤ ਗੁਨਾਹ ਕੀਤਾ ਹੈ? ਪੰਜਾਬ ਦੇ ਐਡਵੋਕੇਟ ਜਨਰਲ ਨੇ ਜਵਾਬ ਦਿੱਤਾ ਕਿ ਨਵਨੀਤ ਨੇ ਕਥਿਤ ਤੌਰ ’ਤੇ ਫ਼ਰਜ਼ੀ ਹਸਤਾਖਰ ਕੀਤੇ ਹਨ ਤੇ ਦਸਤਾਵੇਜ਼ ਨਕਲੀ ਹਨ। ਅਦਾਲਤ ਨੇ ਜਦੋਂ ਪੁੱਛਿਆ ਕਿ ਸਰਕਾਰ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਤਾਂ ਏਜੀ ਨੇ ਕਿਹਾ ਕਿ ਸਾਰੇ ਦਸਤਾਵੇਜ਼ ਫ਼ਰਜ਼ੀ ਹਨ। ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਜੇਕਰ ਤੁਹਾਡੇ ਵਿਧਾਇਕ ਹੁਣ ਤੁਹਾਡੇ ਨਾਲ ਨਹੀਂ ਹਨ ਤਾਂ ਤੁਸੀਂ ਨਵਨੀਤ ਦੇ ਪਿੱਛੇ ਕਿਉਂ ਪਏ ਹੋ? ਨਵਨੀਤ ਨੇ ਆਪਣੇ ਖ਼ਿਲਾਫ਼ ਦਰਜ ਫ਼ਰਜ਼ੀਵਾੜੇ ਨਾਲ ਜੁੜੇ ਮਾਮਲੇ ਨੂੰ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਨ ਦੀ ਮੰਗ ਕੀਤੀ। ਨਵਨੀਤ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਨਵਨੀਤ ਖ਼ਿਲਾਫ ਕਿੰਨੀਆਂ ਐੱਫਆਈਆਰ ਦਰਜ ਕੀਤੀਆਂ ਗਈਆਂ ਤਾਂ ਜੋ ਉਹ ਕਾਨੂੰਨੀ ਤੌਰ ’ਤੇ ਜਵਾਬ ਦੇਣ ਸਕਣ। ਦੋਵਾਂ ਧਿਰਾਂ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਾਰੇ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰਕੇ 4 ਨਵੰਬਰ ਨੂੰ ਜਵਾਬ ਤਲਬ ਕੀਤਾ ਹੈ।