ਪੰਜਾਬ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇ : ਆਗੂ
ਪੰਜਾਬ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇ ਆਗੂ
Publish Date: Tue, 07 Apr 2026 04:27 PM (IST)
Updated Date: Tue, 07 Apr 2026 04:29 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਬਾਰ-ਬਾਰ ਲਿਖ਼ਤੀ ਮੀਟਿੰਗਾਂ ਰੱਦ ਕਰਨ ਦੀ ਆਪਣੀ ਰਵਾਇਤ ਤੋੜ ਨਹੀਂ ਰਹੀ ਹੈ। ਹੁਣ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣਾਈ ਗਈ ਸਬ ਕਮੇਟੀ ਵੀ ਉਸੇ ਰਾਹ ‘ਤੇ ਚਲਦਿਆਂ ਲਿਖ਼ਤੀ ਮੀਟਿੰਗਾਂ ਦੇ ਕੇ ਐਨ ਮੌਕੇ ‘ਤੇ ਰੱਦ ਕਰਨ ਦਾ ਅਮਲ ਸ਼ੁਰੂ ਕਰ ਚੁੱਕੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਥਾਨਕ ਇਕਾਈ ਦੇ ਪ੍ਰਧਾਨ ਮੱਖਣ ਕਾਲਸ, ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਅਤੇ ਸੋਨੂੰ ਕੁਮਾਰ ਨੰਗਲ ਨੇ ਕੀਤਾ। ਆਗੂਆਂ ਨੇ ਕਿਹਾ ਕਿ ਅੱਜ ਵੀ ਸਬ ਕਮੇਟੀ ਵੱਲੋਂ ਲਿਖ਼ਤੀ ਮੀਟਿੰਗ ਰੱਦ ਕੀਤੀ ਗਈ ਹੈ, ਜਿਸ ਦੇ ਰੋਸ ਵਜੋਂ ਡਿਵੀਜ਼ਨ ਦਫ਼ਤਰ ਵਿਖੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਸਰਕਾਰ ਭੁੱਲ ਜਾਵੇ ਕਿ ਟਰਕਾਊ ਅਤੇ ਪਾਟਕ ਪਾਉ ਨੀਤੀਆਂ ਲਿਆ ਕੇ ਠੇਕਾ ਮੁਲਾਜ਼ਮਾਂ ਤੋਂ ਖਹਿੜਾ ਛੁਡਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੀ ਲੀਡਰਸ਼ਿਪ ਅਤੇ ਕਾਡਰ ਦੁੱਗਣੇ ਜੋਸ਼ ਨਾਲ ਸਰਕਾਰ ਦੇ ਹਮਲਿਆਂ ਦਾ ਜਵਾਬ ਦੇਣਗੇ ਅਤੇ ਸੰਘਰਸ਼ ਨੂੰ ਹੋਰ ਤੀਖਾ ਕਰਦੇ ਹੋਏ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਯੂਨੀਅਨ ਹੁਣ ਬੱਚਾ-ਬੱਚਾ ਸੰਘਰਸ਼ ਦੇ ਮੈਦਾਨ ਵਿਚ ਉਤਾਰੇਗੀ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਜਦੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅਨੰਦਪੁਰ ਸਾਹਿਬ ਆਉਣਗੇ, ਉਨ੍ਹਾਂ ਦਾ ਸਵਾਗਤ ਤਿੱਖੇ ਸਵਾਲਾਂ ਅਤੇ ਕਾਲੀਆਂ ਝੰਡੀਆਂ ਨਾਲ ਪਰਿਵਾਰਾਂ ਸਮੇਤ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੋਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਆਊਟਸੋਰਸਡ ਇੰਨਲਿਸਟਮੈਂਟ ਮੁਲਾਜ਼ਮਾਂ ਨਾਲ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ, ਜਦਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦਿਆਂ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਸਰਕਾਰ ਦਾ ਕਾਰਜਕਾਲ ਖਤਮ ਹੋਣ ਦੇ ਨੇੜੇ ਹੈ, ਪਰ ਹੁਣ ਤੱਕ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਸਿਰਫ਼ ਇੱਕ ਸੰਕੇਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ‘ਤੇ ਅਮਰਦੀਪ ਸਿੰਘ ਢੇਰ, ਗੁਰਜੀਤ ਸਿੰਘ, ਜਸਵਿੰਦਰ ਕੀਰਤਪੁਰ, ਰਘੂਬੀਰ ਸਿੰਘ, ਰਿੰਕੂ, ਰੇਸ਼ਮ ਗਿੱਲ ਜਲੰਧਰ, ਅਮਿਤ ਕੋਟਲਾ, ਪਵਨ ਬਰੋਟਾ, ਸ਼ਰਨਜੀਤ ਸਿੰਘ, ਹਰੀਕਿਸ਼ਨ, ਮਨਜੀਤ ਸਿੰਘ, ਈਸ਼ਵਰ, ਸੁਰਿੰਦਰ ਬਰੋਟਾ, ਗੁਰਮੁਖ ਸਿੰਘ ਕਲੋਤਾ ਆਦਿ ਵਰਕਰ ਅਤੇ ਬੱਚੇ ਹਾਜ਼ਰ ਸਨ।