ਸ਼ਿਵਾਲਕ ਸੋਲਡ ਵੇਸਟ ਮੈਨੇਜਮੈਂਟ ਪਲਾਂਟ ਖਿਲਾਫ ਪਿੰਡ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਦੀ ਸੀਮਾ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਮਾਜਰਾ ਵਿਖੇ ਲੱਗੇ ਪਲਾਂਟ ਸ਼ਿਵਾਲਕ ਸੋਲਡ ਵੇਸਟ ਮੈਨੇਜਮੈਂਟ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਿੰਡ ਦੀਆਂ ਔਰਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਸ਼ਿਵਾਲਕ ਸੋਲਡ ਵੈਸਟ ਮੈਨੇਜਮੈਂਟ ਦੁਆਰਾ ਸਾਰੇ ਹਿਮਾਚਲ ਪ੍ਰਦੇਸ਼ ਦਾ ਕਚਰਾ ਇਕੱਠਾ ਹੁੰਦਾ ਹੈ ਜਿਵੇਂ ਕੈਮੀਕਲ ਯੁਗ ਤੋਂ ਦਵਾਈਆਂ, ਹਸਪਤਾਲਾਂ ਦਾ ਵੇਸਟ ਕਚਰਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਤੋਂ ਬਚਿਆ ਹੋਇਆ ਕੈਮੀਕਲ ਇਕੱਠਾ ਹੁੰਦਾ ਹੈ, ਜਿੱਥੇ ਕਚਰੇ ਨੂੰ ਸਹੀ ਢੰਗ ਨਾਲ ਟਰੀਟਮੈਂਟ ਕਰ ਕੇ ਪ੍ਰਦੂਸ਼ਣ ਰਹਿਤ ਡੰਪ ਕਰਨਾ ਹੁੰਦਾ ਹੈ ਪਰ ਇਸ ਪਲਾਂਟ ਵਿੱਚ ਸਹੀ ਢੰਗ ਨਾਲ ਟਰੀਟਮੈਂਟ ਨਾ ਕਰਨ ਕਰਕੇ ਪਿੰਡ ਵਾਸੀਆਂ ਵੱਲੋਂ ਗੇਟ ਅੱਗੇ ਧਰਨਾ ਦਿੱਤਾ ਗਿਆ, ਜਿੱਥੇ ਪਲਾਂਟ ਅਤੇ ਪ੍ਰਸ਼ਾਸਨ ਦੇ ਨਾਲ ਸੂਬਾ ਸਰਕਾਰ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਪਲਾਂਟ ਤੋਂ ਰਿਸਣ ਵਾਲਾ ਕੈਮੀਕਲ ਯੁਕਤ ਪਾਣੀ ਹਿਮਾਚਲ ਪ੍ਰਦੇਸ਼ ਹੀ ਨਹੀਂ ਬਲਕਿ ਪੰਜਾਬ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਪਲਾਂਟ ਵੱਲੋਂ ਜੋ ਨਾਲਾ ਬਣਾਇਆ ਗਿਆ ਹੈ, ਉਹ ਅੱਗੇ ਜਾ ਕੇ ਪੰਜਾਬ ਵਿੱਚ ਸਥਿਤ ਸਰਸਾ ਨਦੀ ਵਿੱਚ ਗਿਰਦਾ ਹੈ। ਕੁਝ ਸਮਾਂ ਪਹਿਲਾਂ ਸਰਸਾ ਨਦੀ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਮਰਨ ਦੀਆਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ, ਉਸ ਦਾ ਕਾਰਨ ਵੀ ਇਹ ਕੈਮੀਕਲ ਵਾਲਾ ਪਾਣੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਲਾਂਟ ਵੱਲੋਂ ਕੈਮੀਕਲ ਯੁਕਤ ਪਾਣੀ ਨਾਲੇ ਦੇ ਨਾਲ ਨਾਲ ਧਰਤੀ ਵਿੱਚ ਵੀ ਉਤਾਰਿਆ ਜਾ ਰਿਹਾ ਹੈ, ਜਿਸ ਨਾਲ ਨਲਕੇ ਅਤੇ ਬੋਰਾਂ ਵਿੱਚ ਵੀ ਕੈਮੀਕਲ ਯੁਕਤ ਪਾਣੀ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਪਿੰਡ ਦੀਆਂ ਔਰਤਾਂ ਵੱਲੋਂ ਧਰਨੇ ਦੀ ਅਗਵਾਈ ਕੀਤੀ ਗਈ ਅਤੇ ਕਿਹਾ ਕਿ ਕੁਝ ਪਿੰਡ ਦੇ ਵਾਸੀ ਵੀ ਪਲਾਂਟ ਨਾਲ ਮਿਲੇ ਹੋਏ ਹਨ ਜੋ ਆਪਣੇ ਨਿੱਜੀ ਲਾਲਚ ਕਰ ਕੇ ਪਲਾਂਟ ਦੇ ਅਧਿਕਾਰੀਆਂ ਦਾ ਸਾਥ ਦੇ ਰਹੇ ਹਨ।
ਸਥਾਨਕ ਲੋਕਾਂ ਦਾ ਦੋਸ਼ ਹੈ ਕੀ ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਹਰ ਵਾਰ ਕਾਰਵਾਈ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੀ ਹੈ। ਧਰਨੇ ਵਿੱਚ ਸਥਾਨਿਕ ਕਾਂਗਰਸ ਵਿਧਾਇਕ ਹਰਦੀਪ ਸਿੰਘ ਬਾਵਾ ’ਤੇ ਲਖਵਿੰਦਰ ਸਿੰਘ ਰਾਣਾ ਵੀ ਪਹੁੰਚੇ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਵਾਇਆ ਕੀ ਪਲਾਂਟ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਜਰੂਰਤ ਪਈ ਤਾਂ ਪਲਾਂਟ ਨੂੰ ਬੰਦ ਵੀ ਕਰਵਾਇਆ ਜਾ ਸਕਦਾ ਹੈ। ਪ੍ਰਸ਼ਾਸਨ ਵੱਲੋਂ ਐਸ,ਡੀ,ਐਮ ਨਾਲਾਗੜ੍ਹ ਅਤੇ ਤਹਿਸੀਲਦਾਰ ਵੱਲੋਂ ਮੌਕੇ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਦੇਖਿਆ ਗਿਆ ਕਿ ਪਲਾਂਟ ਵਿੱਚ ਬਹੁਤ ਖਾਮੀਆਂ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਲਾਂਟ ਦੇ ਅੰਦਰ ਚਾਰ ਲੱਖ ਮੀਟ੍ਰਿਕ ਟਨ ਕਚਰਾ ਜਮਾ ਹੈ ਜਿਸ ਦੇ ਬਹੁਤ ਵੱਡੇ ਢੇਰ ਲੱਗੇ ਹੋਏ ਹਨ ਅਤੇ ਗੰਦਗੀ ਕਾਰਨ ਮੱਖੀਆਂ ਮੱਛਰ ਅਤੇ ਹੋਰ ਜਹਰੀਲੇ ਕੀੜੇ ਵੱਧ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਕਈ ਵਾਰ ਤਾਂ ਬਾਹਰ ਬੈਠਣਾ ਵੀ ਔਖਾ ਹੋ ਜਾਂਦਾ ਹੈ।
ਧਰਨਾਕਾਰੀਆਂ ਦਾ ਆਰੋਪ ਹੈ ਕੀ ਸਥਾਨਕ ਪ੍ਰਸ਼ਾਸਨ ਵੀ ਪਲਾਂਟ ਦੀ ਮਦਦ ਕਰ ਰਿਹਾ ਹੈ। ਪਿਛਲੇ ਕੱਲ ਤਾਂ ਪਿੰਡ ਦੀਆਂ ਔਰਤਾਂ ਸਮੇਤ ਧਰਨਾਕਾਰੀ ਗੇਟ ਦੇ ਅੱਗੇ ਬੈਠੇ ਹੋਏ ਸਨ, ਪਰ ਅੱਜ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੇਟ ਤੋਂ 500 ਮੀਟਰ ਦੂਰ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਲਾਂਟ ਤੋਂ ਪ੍ਰਦੂਸ਼ਣ ਫੈਲ ਰਿਹਾ ਹੈ ਜਿਸ ਨਾਲ ਪਿੰਡ ਵਾਸੀਆਂ ਦੇ ਨਾਲ ਨਾਲ ਜੀਵ ਜੰਤੂ ਅਤੇ ਜਾਨਵਰਾਂ ਵਿੱਚ ਵੀ ਬਿਮਾਰੀਆਂ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪਲਾਂਟ ਨੂੰ ਤੁਰੰਤ ਬੰਦ ਕੀਤਾ ਜਾਵੇ। ਹੁਣ ਇਹ ਮਾਮਲਾ ਮਾਨਯੋਗ ਅਦਾਲਤ ਵਿੱਚ ਚਲਾ ਗਿਆ ਹੈ। ਇਸ ਸਬੰਧੀ ਪਲਾਂਟ ਦੇ ਜੀ,ਐਮ ਠਾਕੁਰ ਸੁਦਰਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਪਲਾਟ 2006 ਵਿੱਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਲਗਾਇਆ ਗਿਆ ਸੀ, ਜਿਸ ਵਿੱਚ ਹਰ ਸਾਲ ਪਿੰਡ ਦੇ ਵਿਕਾਸ ਲਈ ਫੰਡ ਰੱਖਿਆ ਜਾਂਦਾ ਹੈ ਅਤੇ ਪਿੰਡ ਦੇ ਵਿਕਾਸ ਕਰਵਾਏ ਜਾਂਦੇ ਹਨ।
ਉਨ੍ਹਾਂ ਮੰਨਿਆ ਕਿ ਕੰਪਨੀ ਅੰਦਰ ਮੱਖੀਆਂ ਮੱਛਰਾਂ ਦੀ ਪੈਦਾਵਾਰ ਤਾਂ ਹੈ ਪਰ ਇਸ ਗੱਲ ਤੋਂ ਨਾ ਇਨਕਾਰ ਕੀਤਾ ਕਿ ਇਹ ਪਾਣੀ ਅੱਗੇ ਸਰਸਾ ਨਦੀ ਵਿੱਚ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਲਾਂਟ ਅੰਦਰ ਨਿਯਮਾਂ ਅਨੁਸਾਰ ਕੰਮ ਕੀਤਾ ਜਾਂਦਾ ਹੈ ਤੇ ਡੰਪ ਦੇ ਨਾਲ ਨਾਲ ਗਰੀਨਰੀ ਦਾ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਮਾਮਲਾ ਮਾਣਯੋਗ ਹਾਈਕੋਰਟ ਦੇ ਅਧੀਨ ਹੈ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।