ਐਂਟਰੀ ਟੈਕਸ ’ਚ ਵਾਧੇ ਖ਼ਿਲਾਫ਼ ਭੜਕਿਆ ਲੋਕਾਂ ਦਾ ਗੁੱਸਾ
ਐਂਟਰੀ ਟੈਕਸ ਵਿਚ ਵਾਧੇ ਖਿਲਾਫ ਭੜਕਿਆ ਲੋਕਾਂ ਦਾ ਗੁੱਸਾ
Publish Date: Sat, 21 Feb 2026 06:55 PM (IST)
Updated Date: Sun, 22 Feb 2026 04:10 AM (IST)

ਭਾਜਪਾ ਤੇ ਸੰਘਰਸ਼ ਕਮੇਟੀ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਐਂਟਰੀ ਟੈਕਸ ਵਿੱਚ ਕੀਤੇ ਗਏ ਵਾਧੇ ਦੇ ਫ਼ੈਸਲੇ ਖਿਲਾਫ,ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਵਿਰੋਧ ਦੀ ਲਹਿਰ ਤੇਜ਼ ਹੋ ਗਈ ਹੈ। ਅੱਜ ਇਸ ਐਂਟਰੀ ਟੈਕਸ ਵਿੱਚ ਕੀਤੇ ਗਏ ਵਾਧੇ ਦੇ ਫ਼ੈਸਲੇ ਖਿਲਾਫ ਭਾਜਪਾ ਸਮੇਤ ਸਥਾਨਕ ਵਪਾਰੀਆਂ, ਟਰਾਂਸਪੋਰਟਰਾਂ ਅਤੇ ਵਾਹਨ ਚਾਲਕਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਨੇ ਕਿਹਾ ਕਿ ਐਂਟਰੀ ਟੈਕਸ ਵਿੱਚ ਵਾਧਾ ਸਿੱਧੇ ਤੌਰ ‘ਤੇ ਆਮ ਜਨਤਾ ਦੀ ਜੇਬ ‘ਤੇ ਵਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਿੱਤੀ ਘਾਟਾ ਪੂਰਾ ਕਰਨ ਲਈ ਲੋਕਾਂ ‘ਤੇ ਵਾਧੂ ਬੋਝ ਪਾ ਰਹੀ ਹੈ, ਜੋ ਕਿ ਨਿੰਦਨਯੋਗ ਹੈ।ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਟੈਕਸ ਵਧਣ ਨਾਲ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਮਹਿੰਗੀਆਂ ਹੋਣਗੀਆਂ ਅਤੇ ਛੋਟੇ ਵਪਾਰੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਟਰਾਂਸਪੋਰਟਰ ਯੂਨੀਅਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਚੱਕਾ ਜਾਮ ਅਤੇ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਂਗੂ ਨਿਸ਼ਾਤ ਗੁਪਤਾ ਨੇ ਕਿਹਾ ਕਿ ਅੱਜ ਮਹਿਤਪੁਰ ਵਪਾਰ ਮੰਡਲ ਵਲੋਂ ਜੋ ਧਰਨਾ ਇਥੇ ਦਿੱਤਾ ਜਾ ਰਿਹਾ ਹੈ, ਇਲਾਕਾ ਬਚਾਉ ਸੰਘਰਸ਼ ਮੋਰਚੇ ਵਲੋਂ ਵਲੋਂ ਸਮੂਲੀਅਤ ਕੀਤੀ ਗਈ ਹੈ। ਉਨ੍ਹਾਂ ਦੱਸਿਆਂ 28 ਅਕਤੂਬਰ 2024 ਨੂੰ ਨੰਗਲ ਸੰਘਰਸ਼ ਕਮੇਟੀ ਵਲੋਂ ਨਗਰ ਕੌਂਸਲ ਨੰਗਲ ਨੂੰ ਅਪੀਲ ਕੀਤੀ ਗਈ ਸੀ ਕਿ ਹਿਮਾਚਲ ਸਰਕਾਰ ਵਲੋਂ ਨੈਸ਼ਨਲ ਹਾਈਵੇ ਤੇ ਲਗਾਏ ਗਏ ਗੈਰ ਕਾਨੂੰਨੀ ਐਂਟਰੀ ਟੈਕਸ ਨੂੰ ਬੰਦ ਕਰਵਾਏ,ਜੇਕਰ ਹਿਮਾਚਲ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀ ਕਰਦੀ ਤਾ ਪੰਜਾਬ ਸਰਕਾਰ ਵੀ ਪੰਜਾਬ ਐਂਟਰੀ ਤੇ ਟੈਕਸ ਲਗਾਵੇ।28 ਅਗਸਤ 2025 ਨੂੰ ਇਲਾਕਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਾਰੀਆਂ ਪਾਰਟੀਆਂ ਵਲੋਂ ਸਾਂਝੇ ਤੌਰ ਤੇ ਧਰਨਾ ਦਿੱਤਾ ਗਿਆ ਸੀ। ਇਸ ਮੌਕੇ ਐਡਵੋਕੇਟ ਉਤਾਸ਼ ਮੌਗਾਂ ਨੇ ਦੱਸਿਆਂ ਕਿ ਉਨਾਂ ਵਲੋਂ ਮਾਨਯੋਗ ਹਾਈਕੋਰਟ ਸ਼ਿਮਲਾ ਵਿੱਚ ਇਸ ਜਜੀਆਂ ਟੈਕਸ ਦੇ ਵਿਰੋਧ ਵਿੱਚ ਜਨ ਹਿੱਤ ਪਟੀਸ਼ਨ ਪਾਈ ਗਈ ਹੈ। ਇਸ ਮੌਕੇ ਬੋਲਦਿਆਂ ਕਾਂਗਰਸੀ ਆਗੂ ਕਾਂਗਰਸੀ ਆਗੂ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੇ ਹਿਮਾਚਲ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਨੰਗਲ ਵਲੋਂ ਮਤਾ 9 ਜੂਨ 2025 ਪਾਕੇ ਮਨਜੂਰੀ ਲਈ ਪੰਜਾਬ ਸਰਕਾਰ ਨੂੰ ਭੇਜਿਆਂ ਗਿਆ ਸੀ ਕਿ ਸੂਬਾ ਸਰਕਾਰ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਐਂਟਰੀ ਟੈਕਸ ਲਗਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਗੁੰਡਾ ਟੈਕਸ ਦੇ ਖਿਲਾਫ ਇੱਕਯੁਟ ਹੋ ਕੇ ਸੰਘਰਸ਼ ਕਮੇਟੀ ਦਾ ਸਾਥ ਦੇਣ।