ਪਾਵਰਕਾਮ ਮੁਲਾਜ਼ਮਾਂ ਦਾ ਸਖ਼ਤ ਰੁੱਖ, ਵਾਧੂ ਕੰਮ ਤੋਂ ਇਨਕਾਰ
ਪਾਵਰਕਾਮ ਮੁਲਾਜ਼ਮਾਂ ਦਾ ਸਖ਼ਤ ਰੁੱਖ
Publish Date: Tue, 14 Apr 2026 04:59 PM (IST)
Updated Date: Tue, 14 Apr 2026 05:03 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ , ਨੂਰਪੁਰਬੇਦੀ : ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਮੁਲਾਜ਼ਮਾਂ ਨੇ ਹੁਣ ਤਿੱਖਾ ਰੁੱਖ ਅਖਤਿਆਰ ਕਰ ਲਿਆ ਹੈ। ਇਸ ਦੇ ਤਹਿਤ ਅੱਜ ਤੋਂ ‘ਵਰਕ ਟੂ ਰੂਲ’ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਮੁਲਾਜ਼ਮਾਂ ਨੇ ਕੇਵਲ 8 ਘੰਟਿਆਂ ਦੀ ਡਿਊਟੀ ਕਰਨ ਦਾ ਅਮਲ ਲਾਗੂ ਕਰ ਦਿੱਤਾ ਹੈ, ਜਿਸ ਨਾਲ ਵਿਭਾਗੀ ਕੰਮਕਾਜ ’ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ। ਇਸ ਅੰਦੋਲਨ ਵਿੱਚ ਫੀਲਡ ਸਟਾਫ ਦੇ ਨਾਲ-ਨਾਲ ਦਫ਼ਤਰੀ ਕਰਮਚਾਰੀ ਵੀ ਪੂਰੀ ਤਰ੍ਹਾਂ ਸ਼ਾਮਲ ਹਨ। ਪਹਿਲਾਂ ਜਿੱਥੇ ਇਹ ਮੁਲਾਜ਼ਮ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਸੇਵਾ ਨਿਭਾਉਂਦੇ ਸਨ ਅਤੇ ਅਧਿਕਾਰੀਆਂ ਨੂੰ ਹਰ ਵੇਲੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿੰਦੇ ਸਨ, ਉੱਥੇ ਹੁਣ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਡਿਊਟੀ ਸਮੇਂ ਤੋਂ ਬਾਅਦ ਕੋਈ ਵੀ ਵਾਧੂ ਕੰਮ ਨਹੀਂ ਕੀਤਾ ਜਾਵੇਗਾ। ਮੁਲਾਜ਼ਮਾਂ ਵੱਲੋਂ ਲਏ ਗਏ ਫੈਸਲੇ ਅਨੁਸਾਰ ਹੁਣ ਡਿਊਟੀ ਸਮੇਂ ਤੋਂ ਬਾਅਦ ਨਾ ਤਾਂ ਫੋਨ ਅਟੈਂਡ ਕੀਤਾ ਜਾਵੇਗਾ ਅਤੇ ਨਾ ਹੀ ਇਕੱਲੇ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਜਾਇਆ ਜਾਵੇਗਾ। ਇਸ ਤਿੱਖੇ ਰੁਖ ਕਾਰਨ ਪਾਵਰਕਾਮ ਪ੍ਰਬੰਧਨ ਲਈ ਕੰਮਕਾਜ ਸੰਭਾਲਣਾ ਮੁਸ਼ਕਿਲ ਹੋ ਸਕਦਾ ਹੈ। ਬਾਕਸ ਇੰਨ ਐੱਸ.ਡੀ.ਓ. ਨੂੰ ਅਗਾਂਹ ਸੂਚਨਾ ਵਜੋਂ ਪੱਤਰ ਸੌਂਪਿਆ: ਇਸ ਸਬੰਧੀ ਪਾਵਰਕਾਮ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਨੂਰਪੁਰਬੇਦੀ ਦੇ ਐੱਸ.ਡੀ.ਓ. ਰਾਜੇਸ਼ ਸ਼ਰਮਾ ਨੂੰ ਇੱਕ ਲਿਖਤੀ ਪੱਤਰ ਸੌਂਪ ਕੇ ਅਗਾਂਹ ਸੂਚਨਾ ਦਿੱਤੀ ਗਈ। ਪੱਤਰ ਵਿੱਚ ਦਰਜ ਕੀਤਾ ਗਿਆ ਕਿ ਹੁਣ ਮੁਲਾਜ਼ਮ ਸਿਰਫ਼ ਨਿਯਮਾਂ ਅਨੁਸਾਰ ਹੀ ਕੰਮ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਵਾਧੂ ਸੇਵਾ ਨਹੀਂ ਦੇਣਗੇ। ਜਥੇਬੰਦੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮਸਲਿਆਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਮਈ ਮਹੀਨੇ ਦੇ ਆਖਰੀ ਹਫਤੇ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇ ਹਾਲਾਤ ਨਾ ਬਦਲੇ ਤਾਂ ਜੂਨ ਮਹੀਨੇ ਦੇ ਦੂਜੇ ਹਫਤੇ ਦੋ ਦਿਨਾਂ ਦੀ ਪੂਰਨ ਹੜਤਾਲ ਕੀਤੀ ਜਾਵੇਗੀ। ਅੱਜ ਐੱਸ.ਡੀ.ਓ. ਨੂੰ ਪੱਤਰ ਸੌਂਪਣ ਮੌਕੇ ਮਾਨ ਸਿੰਘ, ਤਲਵਿੰਦਰ ਸਿੰਘ, ਗੁਰਮੁੱਖ ਸਿੰਘ, ਰਮਨ ਕੁਮਾਰ ਅਤੇ ਸ਼ਮਸ਼ੇਰ ਸਿੰਘ ਸਮੇਤ ਵੱਖ-ਵੱਖ ਪਾਵਰਕਾਮ ਜਥੇਬੰਦੀਆਂ ਦੇ ਹੋਰ ਨੁਮਾਇੰਦੇ ਮੌਜੂਦ ਸਨ। ਉਨ੍ਹਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੰਕੇਤ ਵੀ ਦਿੱਤਾ।