ਹਨੀ ਟੌਂਸਾ ਦੀ ਅਗਵਾਈ ਹੇਠ ਬਿਜਲੀ ਘਰ ਦਾ ਕੀਤਾ ਘਿਰਾਓ
ਹਨੀ ਟੌਂਸਾ ਦੀ ਅਗਵਾਈ ਹੇਠ ਬਿਜਲੀ ਘਰ ਦਾ ਕੀਤਾ ਘਿਰਾਓ
Publish Date: Thu, 30 Apr 2026 06:47 PM (IST)
Updated Date: Fri, 01 May 2026 04:14 AM (IST)

30ਐਨਐਸਆਰ35ਪੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਨੀ ਟੌਂਸਾ ਦੀ ਅਗਵਾਈ ਹੇਠ ਬਿਜਲੀ ਘਰ ਦਾ ਘੇਰਾਓ ਕਰਦੇ ਆਗੂ ਅਤੇ ਵਰਕਰ। ਪੰਜਾਬੀ ਜਾਗਰਣ * ਬਲਾਚੌਰ ਚ ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਹੱਲਾ ਬੋਲ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਵਿਚ ਅੱਤ ਦੀ ਪੈ ਰਹੀ ਗਰਮੀ ਅਤੇ ਬਿਜਲੀ ਦੇ ਅਣਮਿੱਥੇ ਸਮੇਂ ਲਈ ਲੱਗ ਰਹੇ ਲੰਬੇ ਕੱਟਾਂ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਸੰਦੀਪ ਚੌਧਰੀ (ਹਨੀ ਟੌਂਸਾ) ਦੀ ਅਗਵਾਈ ਹੇਠ ਬਿਜਲੀ ਬੋਰਡ ਬਲਾਚੌਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਘਰ ਦਾ ਘਿਰਾਓ ਕੀਤਾ। ਹਨੀ ਟੌਂਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ। ਸਰਕਾਰ ਦੇ ਰੋਸ਼ਨ ਪੰਜਾਬ ਦੇ ਦਾਅਵੇ ਸਿਰਫ਼ ਸਟੇਜਾਂ ਤੱਕ ਸੀਮਤ ਹਨ, ਜਦਕਿ ਪਿੰਡਾਂ ਵਿਚ ਰਾਤਾਂ ਨੂੰ ਘੁੱਪ ਹਨੇਰਾ ਪਸਰਿਆ ਰਹਿੰਦਾ ਹੈ। ਅਕਾਲੀ ਦਲ ਦੇ ਰਾਜ ਵਿਚ ਪੰਜਾਬ ਬਿਜਲੀ ਪੱਖੋਂ ਆਤਮ-ਨਿਰਭਰ ਸੀ, ਪਰ ਅੱਜ ਸਥਿਤੀ ਬਦਤਰ ਹੋ ਚੁੱਕੀ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਬਿਜਲੀ ਦੀ ਕਿੱਲਤ ਕਾਰਨ ਸਮਾਜ ਦੇ ਹਰ ਵਰਗ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਨੂੰ ਨੀਂਦ ਪੂਰੀ ਨਾ ਹੋਣ ਕਾਰਨ ਮਜ਼ਦੂਰ ਕੰਮ ਕਰਨ ਤੋਂ ਅਸਮਰਥ ਹਨ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ।।ਭਿਆਨਕ ਗਰਮੀ ਅਤੇ ਮੱਛਰਾਂ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕ ਠੰਡੇ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸ ਰਹੇ। ਇਸ ਮੌਕੇ ਦਿਲਾਵਰ ਦਿਲੀ, ਰਿਟਾਇਰ ਡੀਐੱਸਪੀ ਸਤਨਾਮ ਸਿੰਘ ਰਾਜੂ ਮਾਜਰਾ, ਬਿਮਲ ਚੌਧਰੀ, ਤਰਲੋਚਨ ਸਿੰਘ ਰੱਕੜ, ਗੁਰਪ੍ਰੀਤ ਗੁਜਰ ਅਤੇ ਦਲਜੀਤ ਸਿੰਘ ਮਾਣੇਵਾਲ ਨੇ ਵੀ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਦੀ ਨਿਖੇਧੀ ਕੀਤੀ। ਹਨੀ ਟੌਂਸਾ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਤੁਰੰਤ ਸੁਧਾਰ ਨਾ ਹੋਇਆ, ਤਾਂ ਸ਼੍ਰੋਮਣੀ ਅਕਾਲੀ ਦਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰੇਗਾ ਅਤੇ ਇਸ ਸੰਘਰਸ਼ ਨੂੰ ਸੂਬਾ ਵਿਆਪੀ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਸਥਾਨਕ ਨਿਵਾਸੀ ਹਾਜ਼ਰ ਸਨ।