ਨੂਰਪੁਰਬੇਦੀ ਦੇ 138 ਪਿੰਡਾਂ ’ਚ ਸਾਢੇ 4 ਘੰਟੇ ਬਿਜਲੀ ਗੁੱਲ ਹਨੇਰੀ, ਝੱਖੜ ਤੇ ਬਾਰਿਸ਼ ਬਣੀ ਵੱਡਾ ਕਾਰਨ
ਨੂਰਪੁਰਬੇਦੀ ਦੇ 138 ਪਿੰਡਾਂ ’ਚ ਸਾਢੇ 4 ਘੰਟੇ ਬਿਜਲੀ ਗੁੱਲ ਹਨੇਰੀ , ਝੱਖੜ ਅਤੇ ਵਰਖਾ ਬਣੀ ਵੱਡਾ ਕਾਰਨ
Publish Date: Sun, 03 May 2026 06:04 PM (IST)
Updated Date: Sun, 03 May 2026 06:05 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸਵੇਰੇ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਕਾਰਨ ਨੂਰਪੁਰਬੇਦੀ ਖੇਤਰ ਦੇ 138 ਪਿੰਡਾਂ ਦੀ ਬਿਜਲੀ ਸਪਲਾਈ ਗੰਭੀਰ ਤੌਰ ’ਤੇ ਪ੍ਰਭਾਵਿਤ ਹੋ ਗਈ। ਆਨੰਦਪੁਰ ਸਾਹਿਬ ਸਥਿਤ 132 ਕੇਵੀ ਸਬ ਸਟੇਸ਼ਨ ਤੋਂ ਨੂਰਪੁਰਬੇਦੀ, ਨਲਹੋਟੀ ਅਤੇ ਬਜਰੂੜ ਦੇ 66 ਕੇਵੀ ਸਬ ਸਟੇਸ਼ਨਾਂ ਨੂੰ ਸਪਲਾਈ ਮਿਲਦੀ ਹੈ, ਜਿੱਥੋਂ ਅੱਗੇ ਵੱਖ-ਵੱਖ ਫੀਡਰਾਂ ਰਾਹੀਂ ਪਿੰਡਾਂ ਤੱਕ ਬਿਜਲੀ ਪਹੁੰਚਦੀ ਹੈ। ਸਵੇਰੇ ਕਰੀਬ 6:30 ਵਜੇ ਅਚਾਨਕ ਸਾਰੇ ਖੇਤਰ ਦੀ ਬਿਜਲੀ ਸਪਲਾਈ ਟ੍ਰਿਪ ਹੋ ਗਈ, ਜੋ ਲਗਭਗ 7:30 ਵਜੇ ਬਹਾਲ ਹੋਈ। ਇਸ ਤੋਂ ਬਾਅਦ 8:45 ਵਜੇ ਦੁਬਾਰਾ ਸਪਲਾਈ ਬੰਦ ਹੋ ਗਈ ਅਤੇ ਕਰੀਬ 12:30 ਵਜੇ ਮੁੜ ਚਾਲੂ ਕੀਤੀ ਗਈ। ਇਸ ਤਰ੍ਹਾਂ ਕੁੱਲ ਮਿਲਾ ਕੇ ਸਾਢੇ 4 ਘੰਟਿਆਂ ਤੱਕ ਸਪਲਾਈ ਬੰਦ ਰਹੀ। ਬਿਜਲੀ ਬੰਦ ਰਹਿਣ ਕਾਰਨ ਖੇਤਰ ਦੇ ਵੱਡੇ ਹਿੱਸੇ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ, ਜਿਸ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਲੋਕਾਂ ਵੱਲੋਂ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਗਿਆ, ਪਰ ਸ਼ੁਰੂਆਤੀ ਪੜਾਅ ’ਚ ਕਰਮਚਾਰੀਆਂ ਨੂੰ ਵੀ ਖਰਾਬੀ ਦਾ ਸਪੱਸ਼ਟ ਕਾਰਨ ਨਹੀਂ ਮਿਲ ਸਕਿਆ। ਰੂਪਨਗਰ ਤੋਂ ਪਹੁੰਚੀ ਪਾਵਰਕਾਮ ਦੀ ਸਪੈਸ਼ਲ ਟੀਮ ਵੱਲੋਂ ਤੇਜ਼ ਹਵਾਵਾਂ ਅਤੇ ਮੀਂਹ ਦੇ ਬਾਵਜੂਦ ਲਾਈਨਾਂ ਦੀ ਪੈਟਰੋਲਿੰਗ ਕੀਤੀ ਗਈ। ਹਾਲਾਂਕਿ ਮੁੱਖ ਗਰਿੱਡ ਪੱਧਰ ’ਤੇ ਕੋਈ ਵੱਡਾ ਫਾਲਟ ਨਹੀਂ ਮਿਲਿਆ, ਪਰ ਕਈ ਸਥਾਨਾਂ ’ਤੇ ਦਰੱਖਤਾਂ ਦੇ ਤਾਰਾਂ ’ਤੇ ਡਿੱਗਣ ਅਤੇ ਬਿਜਲੀ ਦੇ ਪੋਲ ਨੁਕਸਾਨੇ ਹੋਣ ਕਾਰਨ ਸਪਲਾਈ ਪ੍ਰਭਾਵਿਤ ਰਹੀ। ਬਿਜਲੀ ਬੰਦ ਰਹਿਣ ਨਾਲ ਜਿੱਥੇ ਆਮ ਜੀਵਨ ਠੱਪ ਰਿਹਾ, ਉੱਥੇ ਹੀ ਵਪਾਰਕ ਸਰਗਰਮੀਆਂ ’ਤੇ ਵੀ ਵੱਡਾ ਅਸਰ ਪਿਆ। ਕਈ ਪਿੰਡਾਂ ’ਚ ਦੁਪਹਿਰ ਤੋਂ ਬਾਅਦ ਹੀ ਸਪਲਾਈ ਬਹਾਲ ਹੋ ਸਕੀ, ਜਦਕਿ ਖ਼ਬਰ ਲਿਖੇ ਜਾਣ ਤੱਕ ਨੂਰਪੁਰਬੇਦੀ, ਸੈਣੀਮਾਜਰਾ ਅਤੇ ਜੇਤੇਵਾਲ ਸਮੇਤ ਕਈ ਪਿੰਡਾਂ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਮੁੜ ਚਾਲੂ ਨਹੀਂ ਹੋਈ ਸੀ। ਪਾਵਰਕਾਮ ਦੇ ਐੱਸਡੀਓ ਇੰਜੀਨੀਅਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਲਾਈਨਾਂ ਵਿੱਚ ਦੋ ਵਾਰ ਟ੍ਰਿਪਿੰਗ ਹੋਈ, ਜਿਸ ਨਾਲ ਸਪਲਾਈ ਪ੍ਰਭਾਵਿਤ ਰਹੀ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਲਗਾਤਾਰ ਮੌਕੇ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਦਰੱਖਤਾਂ ਜਾਂ ਪੋਲਾਂ ਕਾਰਨ ਨੁਕਸਾਨ ਹੋਇਆ ਹੈ, ਉੱਥੇ ਜਲਦ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਇਸ ਦੌਰਾਨ ਕਰਮਚਾਰੀ ਸਾਰਾ ਦਿਨ ਮੁਰੰਮਤ ਕਾਰਜਾਂ ਵਿੱਚ ਜੁਟੇ ਰਹੇ ਅਤੇ ਦਰੱਖਤਾਂ ਦੀ ਕਟਾਈ ਅਤੇ ਤਾਰਾਂ ਦੀ ਸਧਾਈ ਕਰ ਕੇ ਪ੍ਰਣਾਲੀ ਨੂੰ ਮੁੜ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ।