ਪੁਲਿਸ ਨੇ ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਦੇ ਕੱਟੇ ਚਲਾਨ
ਪੁਲਿਸ ਨੇ ਕਾਲੀਆਂ ਜਾਲੀਆਂ ਵਾਲੀਆਂ ਗੱਡੀਆਂ ਦੇ ਕੱਟੇ ਚਲਾਨ
Publish Date: Tue, 14 Apr 2026 04:21 PM (IST)
Updated Date: Wed, 15 Apr 2026 04:01 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਤੇ ਡੀਐੱਸਪੀ ਬਲਾਚੌਰ ਹੇਮੰਤ ਮਲਹੋਤਰਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐੱਸਐੱਚਓ ਇੰਸ. ਕਮਲ ਤਨੇਜਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਸਿਆਣਾ ਮੋੜ ਤੇ ਵਿਸ਼ੇਸ਼ ਨਾਕਾ ਲਗਾਇਆ। ਜਿਸ ਦੌਰਾਨ ਆਉਣ-ਜਾਣ ਵਾਲੇ ਸ਼ੱਕੀ ਵਾਹਨਾਂ ਅਤੇ ਮਾੜੇ ਅਨਸਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕਰਦਿਆਂ ਮੌਕੇ ਤੇ 4 ਚਲਾਨ ਕੱਟੇ। ਇਹ ਚਲਾਨ ਉਨ੍ਹਾਂ ਗੱਡੀਆਂ ਦੇ ਕੀਤੇ ਗਏ ਜਿਨ੍ਹਾਂ ਨੇ ਸ਼ੀਸ਼ਿਆਂ ਦੇ ਅੰਦਰ ਕਾਲੀਆਂ ਜਾਲੀਆਂ ਲਗਾਈਆਂ ਹੋਈਆਂ ਸਨ। ਐੱਸਐਚਓ ਕਮਲ ਤਨੇਜਾ ਨੇ ਕਿਹਾ ਕਿ ਸ਼ਹਿਰ ਦੀ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨਾਕੇ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਅਤੇ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਸ਼ਹਿਰ ਨੂੰ ਸੁਰੱਖਿਅਤ ਬਣਾਉਣਾ ਹੈ ਤਾਂ ਜੋ ਆਮ ਜਨਤਾ ਬਿਨਾਂ ਕਿਸੇ ਡਰ ਤੋਂ ਰਹਿ ਸਕੇ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।