ਨੂਰਪੁਰਬੇਦੀ ਗੋਲੀ ਕਾਂਡ ਮਾਮਲੇ ’ਚ ਪੁਲਿਸ ਵੱਲੋਂ ਦੋ ਹੋਰ ਨਾਮਜ਼ਦ ਕਾਬੂ
ਨੂਰਪੁਰਬੇਦੀ ਗੋਲੀ ਕਾਂਡ ਮਾਮਲੇ ’ਚ ਪੁਲਿਸ ਵੱਲੋਂ ਦੋ ਹੋਰ ਨਾਮਜ਼ਦ ਕਾਬੂ
Publish Date: Thu, 14 May 2026 06:25 PM (IST)
Updated Date: Thu, 14 May 2026 06:27 PM (IST)

ਦਿਨੇਸ਼ ਹੱਲਣ/ਸੁਰਿੰਦਰ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ/ ਨੂਰਪੁਰ ਬੇਦੀ : ਸ਼੍ਰੀ ਅਨੰਦਪੁਰ ਸਾਹਿਬ: ਨੂਰਪੁਰ ਬੇਦੀ ਖੇਤਰ ਦੇ ਪਿੰਡ ਸ਼ਾਹਪੁਰ ਬੇਲਾ ਦੇ ਰਹਿਣ ਵਾਲੇ ਹਰਮੋਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਹੁਣ ਤੱਕ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਚਾਰ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਇਹ ਜਾਣਕਾਰੀ ਡੀਐਸਪੀ ਜਸ਼ਨਦੀਪ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ ਉਨ੍ਹਾਂ ਦੱਸਿਆ ਕਿ 10 ਮਈ 2026 ਨੂੰ ਕਰੀਬ ਸ਼ਾਮ 7 ਵਜੇ ਹਰਮੋਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸ਼ਾਹਪੁਰ ਬੇਲਾ ਦਾ ਭੁੱਲਰ ਇਲੈਕਟ੍ਰਾਨਿਕ ਦੀ ਦੁਕਾਨ ਨੂਰਪੁਰ ਬੇਦੀ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਦੋ ਗੱਡੀਆਂ ਵਿੱਚ ਨੂਰਪੁਰ ਵੱਲ ਫਰਾਰ ਹੋ ਗਏ ਸਨ। ਇਸ ਸਬੰਧੀ ਮ੍ਰਿਤਕ ਦੇ ਚਾਚਾ ਜਗਵੀਰ ਸਿੰਘ ਦੇ ਬਿਆਨਾਂ ’ਤੇ ਥਾਣਾ ਨੂਰਪੁਰ ਬੇਦੀ ਵਿੱਚ ਮਿਤੀ 11 ਮਈ 2026 ਨੂੰ ਧਾਰਾ 103, 3(5) ਬੀਐਨਐਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27, 54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਰੂਪਨਗਰ ਮਨਿੰਦਰ ਸਿੰਘ ਆਈਪੀਐਸ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਗੁਰਦੀਪ ਸਿੰਘ ਗੋਸਲ ਪੀਪੀਐਸ ਅਤੇ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਪੀਪੀਐਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਰੋਹਿਤ ਸ਼ਰਮਾ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਵੱਲੋਂ ਤਫਤੀਸ਼ ਦੌਰਾਨ ਹਰਜੋਤ ਸਿੰਘ, ਗੁਰਵਿੰਦਰ ਸਿੰਘ ਅਤੇ ਅਦਿਤਿਆ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਾਰ ਨੰਬਰ ਪੀਬੀ-16ਐਚ-7786 ਗਲੇਜਾ, ਮਹਿੰਦਰਾ ਬੋਲੇਰੋ ਨੰਬਰ ਪੀਬੀ-12ਕੇ-6299 ਅਤੇ ਵਾਰਦਾਤ ਵਿੱਚ ਵਰਤੀ ਗਈ 12 ਬੋਰ ਡਬਲ ਬੈਰਲ ਗੰਨ ਬਰਾਮਦ ਕੀਤੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਕਤਲ ਦੀ ਸਾਜ਼ਿਸ਼ ਵਿੱਚ ਅਮਰੀਕ ਸਿੰਘ, ਹਰਮਿੰਦਰ ਸਿੰਘ ਉਰਫ ਸੋਹਣ ਸਿੰਘ, ਸਤਿੰਦਰ ਸਿੰਘ, ਸਤਵੰਤ ਸਿੰਘ, ਦਰਬਾਰਾ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਅਗਲੀ ਤਫਤੀਸ਼ ਦੌਰਾਨ ਐਸਆਈ ਅਤੇ ਐਸਐਚਓ ਗੁਰਮੁਖ ਸਿੰਘ ਵੱਲੋਂ 12 ਮਈ ਨੂੰ ਅਮਰੀਕ ਸਿੰਘ ਅਤੇ ਹਰਮਿੰਦਰ ਸਿੰਘ ਉਰਫ ਸੋਹਣ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਕਥਿਤ ਦੋਸ਼ੀ ਸਤਿੰਦਰ ਸਿੰਘ, ਸਤਵੰਤ ਸਿੰਘ, ਦਰਬਾਰਾ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਰਾਮਦ ਕੀਤੀ ਗਈ 12 ਬੋਰ ਡਬਲ ਬੈਰਲ ਗੰਨ ਹਰਮਿੰਦਰ ਸਿੰਘ ਉਰਫ ਸੋਹਣ ਸਿੰਘ ਦੇ ਨਾਮ ’ਤੇ ਲਾਇਸੈਂਸੀ ਹੈ। ਬਾਕਸ ਖਬਰ ਚਾਰ ਦਿਨ ਬਾਅਦ ਵੀ ਨਹੀਂ ਹੋਇਆ ਅੰਤਿਮ ਸੰਸਕਾਰ ਮ੍ਰਿਤਕ ਹਰਮੋਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਵੇਂ ਹੁਣ ਤੱਕ ਪੁਲਿਸ ਦੀ ਕਾਰਵਾਈ ’ਤੇ ਸੰਤੁਸ਼ਟੀ ਜਤਾਈ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਬਾਕੀ ਚਾਰ ਫਰਾਰ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ, ਉਹ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਕਾਰਨ ਮ੍ਰਿਤਕ ਦਾ ਸ਼ਰੀਰ ਪਿਛਲੇ ਚਾਰ ਦਿਨਾਂ ਤੋਂ ਸੰਸਕਾਰ ਦੀ ਉਡੀਕ ਵਿੱਚ ਪਿਆ ਹੋਇਆ ਹੈ। ਥਾਣਾ ਮੁੱਖੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਤਾਂ ਜੋ ਅਗਲੀ ਕਾਰਵਾਈ ਸੁਚਾਰੂ ਢੰਗ ਨਾਲ ਹੋ ਸਕੇ।