ਰੇਲਵੇ ਵੱਲੋਂ ਬਾਈਪਾਸ ‘ਤੇ ਰੋਕਾਂ ਲੱਗਣ ਨਾਲ ਲੋਕਾਂ ’ਚ ਰੋਸ
ਰੇਲਵੇ ਵੱਲੋਂ ਬਾਈਪਾਸ ‘ਤੇ ਰੋਕਾਂ ਲੱਗਣ ਨਾਲ ਲੋਕਾਂ ‘ਚ ਰੋਸ
Publish Date: Thu, 09 Apr 2026 07:43 PM (IST)
Updated Date: Fri, 10 Apr 2026 04:15 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਗੜ੍ਹਸ਼ੰਕਰ ਸ਼ਹਿਰ ਦੇ ਟ੍ਰੈਫਿਕ ਰਸ਼ ਨੂੰ ਘਟਾਉਣ ਲਈ ਬਿਸਤ ਦੁਆਬ ਨਹਿਰ ਦੇ ਕੰਢੇ ਸੰਗਤਾਂ ਵੱਲੋਂ ਬਣਾਇਆ ਗਿਆ ਅਸਥਾਈ ਬਾਈਪਾਸ ਹੁਣ ਵਿਵਾਦਾਂ ‘ਚ ਘਿਰ ਗਿਆ ਹੈ। ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਦੇ ਸੇਵਾਦਾਰਾਂ ਵੱਲੋਂ ਸੰਤ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਹੋਲਾ ਮਹੱਲਾ ਦੇ ਦਿਨਾਂ ਵਿਚ ਤਿਆਰ ਕੀਤੇ ਗਏ ਇਸ ਰਸਤੇ ਨੇ ਸ਼ਹਿਰ ਦੇ ਜਾਮ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਸੀ, ਪਰ ਹਾਲ ਹੀ ਵਿਚ ਭਾਰਤੀ ਰੇਲਵੇ ਵਿਭਾਗ ਵੱਲੋਂ ਇਸ ਰਸਤੇ ‘ਤੇ ਦੋਨੋਂ ਪਾਸਿਆਂ ਪੱਕੀਆਂ ਰੋਕਾਂ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਸੀਬੀ ਨਾਲ ਦੋਨੋਂ ਪਾਸਿਆਂ ਡ੍ਰੇਨ ਨੂੰ ਖੁਦਾਈ ਕਰਕੇ ਖਰਾਬ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਇਸ ਕਾਰਵਾਈ ਨੂੰ “ਨਾਦਰਸ਼ਾਹੀ ਫਰਮਾਨ” ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਨਜ਼ਰਅੰਦਾਜ਼ ਕਰਕੇ ਲਿਆ ਗਿਆ, ਇਹ ਫੈਸਲਾ ਬਿਲਕੁਲ ਗਲਤ ਹੈ। ਰਾਣਾ ਨੇ ਕਿਹਾ ਕਿ ਛੋਟੇ-ਛੋਟੇ ਮੁੱਦਿਆਂ ‘ਤੇ ਇਕ-ਦੂਜੇ ਨੂੰ ਘੇਰਨ ਵਾਲੇ ਸਿਆਸਤਦਾਨ ਹੁਣ ਇਸ ਗੰਭੀਰ ਮਸਲੇ ‘ਤੇ ਚੁੱਪ ਕਿਉਂ ਹਨ। ਉਨ੍ਹਾਂ ਨੇ ਖਾਸ ਤੌਰ ‘ਤੇ ਗੜਸ਼ੰਕਰ ਨਾਲ ਸੰਬੰਧਤ ਭਾਜਪਾ ਆਗੂ ਨਿਮਸ਼ਾ ਮਹਿਤਾ ਅਤੇ ਸੀਨੀਅਰ ਲੀਡਰ ਅਵਿਨਾਸ਼ ਰਾਏ ਖੰਨਾ ਸਮੇਤ ਪੂਰੀ ਭਾਜਪਾ ਲੀਡਰਸ਼ਿਪ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ। ਉਨ੍ਹਾਂ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ ਜੇ ਇੱਥੇ ਰੇਲ ਆਵਾਜਾਈ ਮੁੜ ਸ਼ੁਰੂ ਹੋਣੀ ਹੈ ਤਾਂ ਲੋਕਾਂ ਦੀ ਸਹੂਲਤ ਲਈ ਤੁਰੰਤ ਰੇਲਵੇ ਫਾਟਕ ਲਗਾਇਆ ਜਾਵੇ, ਨਾ ਕਿ ਪੱਕੀਆਂ ਰੋਕਾਂ ਲਗਾ ਕੇ ਰਸਤਾ ਬੰਦ ਕੀਤਾ ਜਾਵੇ। ਰਾਣਾ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਇਸ ਲਾਈਨ ‘ਤੇ ਕੋਈ ਰੇਲ ਗੱਡੀ ਨਹੀਂ ਚੱਲੀ ਅਤੇ ਹੁਣ ਹਾਲ ਹੀ ਵਿਚ ਇਲੈਕਟ੍ਰਿਕ ਟ੍ਰੇਨ ਲਈ ਟਰਾਇਲ ਕੀਤੇ ਜਾ ਰਹੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਆ ਰਹੀ ਵਿਸਾਖੀ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਸੰਗਤ ਕਾਰ ਸੇਵਾ ਰਾਹੀਂ ਖੁਦ ਮੈਦਾਨ ਵਿਚ ਉਤਰੇਗੀ। ਇਸਦੇ ਨਾਲ ਹੀ ਗੜਸ਼ੰਕਰ ਤੋਂ ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਗਿਆ ਹੈ।