ਇੱਕ ਹਫਤੇ ਤੋਂ ਲਾਪਤਾ ਰਾਏਪੁਰ ਸਾਨੀ ਦੀ ਵਿਆਹੁਤਾ, ਮਾਪੇ ਚਿੰਤਤ
ਇੱਕ ਹਫਤੇ ਤੋਂ ਲਾਪਤਾ ਰਾਏਪੁਰ ਸਾਨੀ ਦੀ ਵਿਆਹੁਤਾ ’ਤੇ ਮਾਪੇ ਚਿੰਤਤ,
Publish Date: Sun, 03 May 2026 05:59 PM (IST)
Updated Date: Sun, 03 May 2026 06:02 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਰਾਏਪੁਰ ਸਾਨੀ ਤੋਂ ਦੋ ਬੱਚਿਆਂ ਦੀ ਮਾਂ ਇੱਕ ਵਿਆਹੁਤਾ ਔਰਤ 26 ਅਪ੍ਰੈਲ ਤੋਂ ਲਾਪਤਾ ਹੈ ਅਤੇ ਲੜਕੀ ਦੇ ਮਾਪਿਆਂ ਨੇ ਸਹੁਰਾ ਪਰਿਵਾਰ ’ਤੇ ਸ਼ੱਕ ਜਾਹਿਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਗੁਰਮੀਤ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਬੜਾ ਪਿੰਡ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੰਦੀਪ ਕੌਰ ਜੋ ਕਿ ਪਹਿਲਾਂ ਵਿਆਹੀ ਹੋਈ ਸੀ ਅਤੇ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ, ਤਲਾਕ ਤੋਂ ਬਾਅਦ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਪ੍ਰਿਤਪਾਲ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਰਾਏਪੁਰ ਸਾਨੀ ਜ਼ਿਲ੍ਹਾ ਰੂਪਨਗਰ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੇਟੀ ਦਾ ਵਿਆਹ ਹੋਇਆ ਤਾਂ ਉਸ ਦੇ ਕੋਲ ਇੱਕ ਪਹਿਲੇ ਵਿਆਹ ਤੋਂ ਬੇਟੀ ਸੀ, ਜਿਸ ਦਾ ਨਾਮ ਹਰਸ਼ਰਨ ਕੌਰ ਹੈ ਅਤੇ ਵਿਆਹ ਤੋਂ ਬਾਅਦ ਇਨ੍ਹਾਂ ਦੇ ਇੱਕ ਬੇਟੀ ਨੇ ਹੋਰ ਜਨਮ ਲਿਆ, ਜਿਸ ਦਾ ਨਾਮ ਪ੍ਰਭਜੋਤ ਕੌਰ ਹੈ ਅਤੇ ਉਮਰ ਪੰਜ ਸਾਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਪ੍ਰਿਤਪਾਲ ਸਿੰਘ ਦੁਬਈ ਕੰਮ ਕਰਦਾ ਹੈ। ਬੀਤੇ 26 ਅਪ੍ਰੈਲ ਨੂੰ ਪ੍ਰਿਤਪਾਲ ਸਿੰਘ ਨੇ ਆਪਣੇ ਸਾਲੇ ਨੂੰ ਫੋਨ ਕਰ ਕੇ ਕਿਹਾ ਕਿ ਤੁਹਾਡੀ ਭੈਣ ਘਰ ਨਹੀਂ ਹੈ ਪਤਾ ਨਹੀਂ ਕਿੱਥੇ ਚਲੀ ਗਈ ਹੈ ਅਤੇ ਗੁਰਮੀਤ ਸਿੰਘ ਦਾ ਬੇਟਾ ਜੋ ਵੀ ਸਾਊਦੀ ਕੰਮ ਕਰਦਾ ਹੈ, ਉਸ ਨੇ ਆਪਣੇ ਪਿਤਾ ਗੁਰਮੀਤ ਸਿੰਘ ਨਾਲ ਇਸ ਬਾਰੇ ਗੱਲ ਕੀਤੀ। ਬੇਟੀ ਦੇ ਲਾਪਤਾ ਹੋਣ ’ਤੇ ਗੁਰਮੀਤ ਸਿੰਘ ਰਾਏਪੁਰ ਸਾਨੀ ਪਹੁੰਚਿਆ ਤਾਂ ਉਨ੍ਹਾਂ ਦੀ ਦੋਹਤੀ ਨੇ ਦੱਸਿਆ ਕਿ ਘਰ ਵਿੱਚ ਸੰਦੀਪ ਕੌਰ ਬੱਚਿਆਂ ਨੂੰ ਜੂਸ ਪਿਲਾ ਰਹੇ ਸੀ ਤਾਂ ਉਸ ਦੀ ਸੱਸ ਆਸ਼ਾ ਦੇਵੀ, ਦਿਓਰ ਹਰਪ੍ਰੀਤ ਸਿੰਘ, ਦਰਾਣੀ ਮੋਨਿਕਾ ਅਤੇ ਨਨਾਣ ਚੰਨੀ ਨੇ ਸੰਦੀਪ ਕੌਰ ਨੂੰ ਅੰਦਰ ਬੁਲਾ ਕੇ ਕੁੰਡੀ ਲਾ ਲਈ। ਉਸ ਤੋਂ ਬਾਅਦ ਸੰਦੀਪ ਕੌਰ ਦਾ ਕੋਈ ਅਤਾ ਪਤਾ ਨਹੀਂ। ਲੜਕੀ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀ ਅਤੇ ਉਨ੍ਹਾਂ ਵੱਲੋਂ ਪਹਿਲੀ ਘਰਵਾਲੀ ਵੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਵੀ ਉਨ੍ਹਾਂ ਦੇ ਸਹੁਰਾ ਪਰਿਵਾਰ ਨੇ ਕੁੱਟਮਾਰ ਕਰ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਬੇਟੀ ਨਾਲ ਸਹੁਰਾ ਪਰਿਵਾਰ ਕੁੱਟਮਾਰ ਕਰਦਾ ਰਿਹਾ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਸਹੁਰਾ ਪਰਿਵਾਰ ਇਸ ਲਈ ਤੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਦੋ ਬੇਟੀਆਂ ਹੀ ਹਨ ਬੇਟਾ ਨਹੀਂ ਹੈ। ਸੰਦੀਪ ਕੌਰ ਦੇ ਲਾਪਤਾ ਹੋਣ ਤੋਂ ਬਾਅਦ ਵੀ ਸਹੁਰਾ ਪਰਿਵਾਰ ਨਾ ਤਾਂ ਭਾਲ ਕੀਤੀ, ਨਾ ਹੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਆਪਣੇ ਰੋਜ਼ਾਨਾ ਦੇ ਕੰਮ ਕਰ ਰਹੇ ਹਨ। ਪਰਿਵਾਰ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਜਦੋਂ ਥਾਣਾ ਮੁਖੀ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਦੀਪ ਕੌਰ ਦਾ ਮੋਬਾਈਲ ਫੋਨ ਪੁਲਿਸ ਨੇ ਫਰਾਂਸਿਕ ਜਾਂਚ ਲਈ ਭੇਜਿਆ ਹੈ। ਪੁਲਿਸ ਵੱਲੋਂ ਲਾਪਤਾ ਦੀ ਭਾਲ ਕੀਤੀ ਜਾ ਰਹੀ, ਜਦੋਂ ਤੱਕ ਉਹ ਜਿਉਂਦੀ ਜਾਂ ਮਿਰਤਕ ਨਹੀਂ ਮਿਲਦੀ, ਉਦੋਂ ਤੱਕ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਲੜਕੀ ਦੇ ਪਿਤਾ ਦੇ ਬਿਆਨ ਦਰਜ ਕੀਤੇ ਗਏ ਹਨ ਅਗਲੀ ਕਾਰਵਾਈ ਜਾਰੀ ਹੈ।