ਬੇਖੌਫ ਦੌੜਦੇ ਓਵਰਲੋਡ ਟਿੱਪਰ ਬਣ ਰਹੇ ਸੜਕੀ ਹਾਦਸਿਆਂ ਦਾ ਕਾਰਨ
ਸੜਕਾਂ ’ਤੇ ਦਿਨ ਰਾਤ ਬੇਖੌਫ ਚੱਲ ਰਹੇ ਓਵਰਲੋਡ ਟਿੱਪਰ ਬਣ ਰਹੇ ਸੜਕੀ ਹਾਦਸਿਆਂ ਦਾ ਕਾਰਨ
Publish Date: Mon, 27 Apr 2026 04:37 PM (IST)
Updated Date: Mon, 27 Apr 2026 04:40 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਅਨੰਦਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ’ਤੇ ਦਿਨ ਰਾਤ ਬਿਨ੍ਹਾਂ ਰੋਕ ਟੋਕ ਤੋ ਚੱਲ ਰਹੇ ਓਵਰਲੋਡ ਟਿੱਪਰ ਜੋ ਕਿ, ਬਿਨ੍ਹਾਂ ਢਕੇ, ਬਿਨ੍ਹਾਂ ਨੰਬਰ ਪਲੇਟਾਂ ਤੋਂ ਚੱਲ ਰਹੇ ਹਨ, ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਪ੍ਰਸ਼ਾਸਨ ਅਤੇ ਟਰਾਂਸਪੋਰਟ ਮਹਿਕਮਾ ਇਨ੍ਹਾਂ ਨੂੰ ਰੋਕਣ ਲਈ ਬੇਬਸ ਨਜ਼ਰ ਆ ਰਿਹਾ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸੁਰਜੀਤ ਸਿੰਘ ਚਹਿੜ ਮਜਾਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੜਕਾਂ ਦੇ ਉੱਤੇ ਮੌਤ ਦੇ ਸੌਦਾਗਰ ਭਾਰੀ ਵਹੀਕਲ ਹਾਈਵੇ ਟਿੱਪਰ ਦਿਨ ਰਾਤ ਸੜਕ ’ਤੇ ਚੱਲਣ ਵਾਲੇ ਰਾਹਗੀਰਾਂ ਨੂੰ ਕੁਚਲਦੇ ਦਿਖਾਈ ਦਿੰਦੇ ਹਨ, ਪਰ ਅਫਸੋਸ ਇਸ ਗੱਲ ਦਾ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਟਰਾਂਸਪੋਰਟ ਮਹਿਕਮੇ ਦੀ ਰਹਿਨੁਮਾਈ ਹੇਠ ਇਹ ਟਿੱਪਰ ਦਿਨ ਰਾਤ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਊਨਾ ਵੱਖ ਵੱਖ ਇਲਾਕਿਆਂ ਤੋਂ ਜਾਇਜ਼ ਨਜਾਇਜ਼ ਮਾਈਨਿੰਗ ਦਾ ਮਾਲ ਰੇਤਾ ਬਜਰੀ ਢੋਣ ’ਤੇ ਲੱਗੇ ਹੋਏ ਹਨ। ਅਕਸਰ ਵੇਖਿਆ ਜਾਂਦਾ ਹੈ ਕਿ ਇਨ੍ਹਾਂ ਟਿੱਪਰਾਂ ਦੇ ਪਿੱਛੇ ਕਿਸੇ ਪ੍ਰਕਾਰ ਦੀ ਕੋਈ ਨੰਬਰ ਪਲੇਟ ਨਹੀਂ ਹੁੰਦੀ ਜਿਵੇਂ ਤੁਸੀਂ ਉੱਪਰ ਤਸਵੀਰ ਵਿੱਚ ਵੇਖ ਰਹੇ ਹੋ। ਹਰ ਤੀਜੇ ਦਿਨ ਇਨ੍ਹਾਂ ਟਿੱਪਰਾਂ ਕਾਰਨ ਸੜਕੀ ਹਾਦਸੇ ਵਾਪਰਦੇ ਹਨ। ਜਦੋਂ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਇਹ ਟਿੱਪਰਾ ਵਾਲੇ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਨੰਬਰ ਪਲੇਟ ਨਾ ਹੋਣ ਕਾਰਨ ਇਨ੍ਹਾਂ ਨੂੰ ਟਰੇਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹ ਸਭ ਕੁਝ ਪ੍ਰਸ਼ਾਸਨ ਦੀ ਨਜ਼ਰ ਸਾਨੀ ਥੱਲੇ ਚੱਲ ਰਿਹਾ ਹੈ ਕੀ ਟਰਾਂਸਪੋਰਟ ਅਧਿਕਾਰੀਆਂ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ ਇਨ੍ਹਾਂ ਮੌਤ ਦੇ ਸੌਦਾਗਰਾਂ ਨੂੰ ਨੱਥ ਪਾਈ ਜਾਵੇ ਅਤੇ ਸਖਤੀ ਨਾਲ ਟਰਾਂਸਪੋਰਟ ਵਿਭਾਗ ਦੇ ਕਾਨੂੰਨ ਲਾਗੂ ਕੀਤੇ ਜਾਣ ਕਿਉਂਕਿ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਜਦੋਂ ਇਹ ਟਿੱਪਰ ਸਰਕਾਰ ਵੱਲੋਂ ਪਾਸ ਕੀਤੇ ਗਏ ਵਜਨ ਤੋਂ ਤਿੰਨ ਚਾਰ ਗੁਣਾ ਵਜਨ ਲੱਦ ਕੇ ਰੇਤਾ, ਬਜਰੀ ਨਾਲ ਭਰ ਕੇ ਜਾਂਦੇ ਹਨ, ਇਨ੍ਹਾਂ ਉੱਤੇ ਕੋਈ ਤਰਪਾਲ ਵਗੈਰਾ ਨਹੀਂ ਪਾਈ ਹੁੰਦੀ ਰੇਤਾ ਹਵਾ ਨਾਲ ਉੱਡ ਕੇ ਪਿੱਛੇ ਚੱਲ ਰਹੇ ਦੋ ਪਹੀਆ ਵਾਹਨ ਦੀਆਂ ਅੱਖਾਂ ਵਿੱਚ ਪੈਂਦਾ ਹੈ ਤਾਂ ਕਈ ਵਾਰ ਸੜਕੀ ਹਾਦਸੇ ਵਾਪਰਦੇ ਹਨ ਅਤੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟੇ ਪੱਥਰ ਬਜਰੀ ਅਕਸਰ ਹੀ ਜੰਪਾਂ ਦੇ ਵਿੱਚ ਸੜਕ ਉੱਤੇ ਡਿੱਗੀ ਵੇਖੀ ਜਾਂਦੀ ਹੈ ਤੇ ਛੋਟੀਆਂ ਗੱਡੀਆਂ ਦੇ ਸ਼ੀਸ਼ੇ ਆਦਿ ਇਨ੍ਹਾਂ ਦੀ ਵਜ੍ਹਾਂ ਨਾਲ ਟੁੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਹ ਸਾਰਾ ਗੋਰਖ ਧੰਦਾ ਬਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨ੍ਹਾਂ ਸੰਭਵ ਨਹੀਂ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਓਵਰਲੋਡ ਵਾਹਨਾ ਵਲੋਂ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਹੀਨੇ ਬੰਨੇ ਹੋਏ ਹਨ, ਜਦੋਂ ਇਹ ਓਵਰਲੋਡ ਵਾਹਨ ਸੜਕਾਂ ’ਤੇ ਚਲਦੇ ਹਨ ਤਾਂ ਪ੍ਰਸ਼ਾਸਨ ਅੱਖਾਂ ਬੰਦ ਕਰ ਲੈਂਦਾ ਹੈ। ਜੇਕਰ ਕੋਈ ਕਿਸਾਨ ਆਪਣੇ ਖੇਤਾਂ ਵਿੱਚ ਮਿੱਟੀ ਦੀ ਟਰਾਲੀ ਜਾਂ ਰੇਤ ਦੀ ਟਰਾਲੀ ਲੈ ਕੇ ਪੰਜ ਸੱਤ ਕਿਲੋਮੀਟਰ ਤੱਕ ਜਾਂਦਾ ਹੈ ਤਾਂ ਜਗਾ ਜਗਾ ਸੜਕਾਂ ਤੇ ਉਸ ਨੂੰ ਰੋਕਿਆ ਜਾਂਦਾ ਹੈ, ਪਰ ਇਹ ਟਿੱਪਰ ਚੰਡੀਗੜ੍ਹ ਦੇ ਨਾਲ ਨਾਲ ਸੈਂਕੜੇ ਕਿਲੋਮੀਟਰ ਦੂਜੇ ਸੂਬਿਆਂ ਨੂੰ ਰੇਤਾ ਬਜਰੀ ਲੈ ਕੇ ਦਿਨ ਰਾਤ ਚਲਦੇ ਹਨ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਇਨ੍ਹਾਂ ਓਵਰਲੋਡ ਟਿੱਪਰਾਂ ਕਾਰਨ ਸੜਕਾਂ ਤਾਂ ਟੁੱਟਦੀਆਂ ਹੀ ਹਨ ਨਾਲ ਹੀ ਸੜਕੀ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਹਾਲਾਂਕਿ ਜੇਕਰ ਪ੍ਰਸ਼ਾਸਨ ਓਵਰਲੋਡ ਨੂੰ ਰੋਕਣਾ ਚਾਹਵੇ ਤਾਂ ਹਰ ਇੱਕ ਟੋਲ ਪਲਾਜੇ ਤੇ ਕੰਡੇ ਲੱਗੇ ਹੋਏ ਹਨ, ਜਿੱਥੋਂ ਓਵਰਲੋਡ ਵਾਹਨਾਂ ਦੀ ਸੂਚੀ ਦੇਖੀ ਜਾ ਸਕਦੀ ਹੈ। ਸਮੇਂ ਸਮੇਂ ’ਤੇ ਓਵਰਲੋਡ ਦੇ ਖਿਲਾਫ ਖਬਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ, ਪਰ ਪ੍ਰਸ਼ਾਸਨ ’ਤੇ ਇਨ੍ਹਾਂ ਖਬਰਾਂ ਦਾ ਕੋਈ ਅਸਰ ਨਹੀਂ ਪੈ ਰਿਹਾ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ, ਟਰਾਂਸਪੋਰਟ ਵਿਭਾਗ ਅਤੇ ਐਸ ਐਸ ਪੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਟਿੱਪਰਾਂ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਬਿਨ੍ਹਾਂ ਨੰਬਰ ਪਲੇਟਾਂ ਨਿਯਮਤ ਕੀਤੇ ਵਜਨ ਤੋਂ ਵੱਧ ਓਵਰਲੋਡ ਅਤੇ ਨਜਾਇਜ਼ ਮਾਈਨਿੰਗ ਨੂੰ ਬੰਦ ਕਰਕੇ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾਵੇ। ਕੈਪਸ਼ਨ: ਬਿਨ੍ਹਾਂ ਨੰਬਰ ਪਲੇਟਾਂ ਤੋਂ ਜਾ ਰਿਹਾ ਓਵਰਲੋਡ ਟਿੱਪਰ, ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ।