ਨਗਰ ਕੌਂਸਲ ਚੋਣਾਂ ਲਈ ਨਵੇਂ ਜਾਤੀ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ-ਐੱਸਡੀਐਮ
ਨਗਰ ਕੌਂਸਲ ਚੋਣਾਂ ਲਈ ਨਵੇਂ ਜਾਤੀ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ-ਐੱਸਡੀਐਮ
Publish Date: Thu, 14 May 2026 04:07 PM (IST)
Updated Date: Thu, 14 May 2026 04:09 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਿਜ਼ਰਵ ਵਾਰਡਾਂ ਤੋਂ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਐਸਡੀਐਮ ਬੰਗਾ ਵਿਪਨ ਭੰਡਾਰੀ ਨੇ ਸਪੱਸ਼ਟ ਕੀਤਾ ਹੈ ਕਿ ਰਿਜ਼ਰਵ ਵਾਰਡਾਂ ਵਿਚੋਂ ਕੌਂਸਲਰ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਵੇਂ ਜਾਤੀ ਸਰਟੀਫਿਕੇਟ ਬਣਾਉਣ ਦੀ ਕੋਈ ਲੋੜ ਨਹੀਂ ਹੈ। ਉਮੀਦਵਾਰ ਆਪਣੇ ਪਹਿਲਾਂ ਤੋਂ ਬਣੇ ਹੋਏ ਜਾਤੀ ਸਰਟੀਫਿਕੇਟ ਨੌਮੀਨੇਸ਼ਨ ਪੇਪਰਾਂ ਨਾਲ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਈ ਉਮੀਦਵਾਰਾਂ ਵਿਚ ਇਹ ਗਲਤ ਫਹਿਮੀ ਪਾਈ ਜਾ ਰਹੀ ਸੀ ਕਿ ਚੋਣਾਂ ਲਈ ਨਵੇਂ ਜਾਤੀ ਸਰਟੀਫਿਕੇਟ ਜ਼ਰੂਰੀ ਹਨ। ਜਿਸ ਕਾਰਨ ਲੋਕ ਬਿਨਾਂ ਲੋੜ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਜਾਂ ਚੋਣ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੋਈ ਨਵਾਂ ਸਰਟੀਫਿਕੇਟ ਬਣਾਉਣ ਦੇ ਹੁਕਮ ਜਾਰੀ ਨਹੀਂ ਕੀਤੇ ਗਏ। ਇਸ ਲਈ ਪਹਿਲਾਂ ਜਾਰੀ ਹੋਏ ਵੈਦ ਜਾਤੀ ਸਰਟੀਫਿਕੇਟ ਹੀ ਮੰਨਣਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਸੰਬੰਧੀ ਚੋਣ ਪ੍ਰਕਿਰਿਆ ਨੋਟੀਫਿਕੇਸ਼ਨ ਦੇ ਅਨੁਸਾਰ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸ਼ਾਂਤੀ ਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ, ਜਦਕਿ ਚੋਣ ਨਤੀਜੇ 29 ਮਈ ਨੂੰ ਘੋਸ਼ਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ। ਉਨ੍ਹਾਂ ਉਮੀਦਵਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਕਿਸੇ ਵੀ ਜਾਣਕਾਰੀ ਲਈ ਸਿਰਫ਼ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੀ ਸੰਪਰਕ ਕਰਨ।