ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਛੋਟੀ ਝੱਖੀਆਂ ਦੇ ਲੋਕ
ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਛੋਟੀ ਝੱਖੀਆਂ ਦੇ ਲੋਕ
Publish Date: Fri, 29 May 2026 05:34 PM (IST)
Updated Date: Fri, 29 May 2026 05:37 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਪਿਛਲੇ ਡੇਢ ਸਾਲ ਤੋਂ ਲਗਾਤਾਰ ਵਾਟਰ ਸਪਲਾਈ ਦਫਤਰ ਦੇ ਗੇੜੇ ਮਾਰ ਰਿਹਾ ਹੈ ਕਿ ਸਾਡੇ ਪਿੰਡ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨਿਰੰਤਰ ਨਹੀਂ ਹੋ ਰਹੀ ਜਿਸ ਦੇ ਮਤੇ ਲਿਖਤੀ ਦਰਖਾਸਤਾਂ ਐਕਸੀਅਨ ਵਾਟਰ ਸਪਲਾਈ ਐਸ ਡੀ ਓ ਵਾਟਰ ਸਪਲਾਈ ਨੂੰ ਦਿੱਤੀਆਂ ਗਈਆਂ। ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਨੂੰ ਪੀਣ ਵਾਲਾ ਪਾਣੀ ਗਰਦਲੇ ਤੋਂ ਸਪਲਾਈ ਹੋ ਰਿਹਾ ਹੈ । ਪਾਈਪ ਲਾਈਨ ਬਹੁਤ ਜਿਆਦਾ ਪੁਰਾਣੀ ਹੋਣ ਕਾਰਨ ਥਾਂ-ਥਾਂ ਲੀਕਜ ਹੁੰਦੀ ਰਹਿੰਦੀ ਹੈ ਜਿਸ ਨਾਲ ਗੰਦਾ ਪਾਣੀ ਮਿਕਸ ਹੋਣ ਕਾਰਨ ਪਿੰਡ ਵਿੱਚ ਕਈ ਵਾਰ ਪੀਲੀਏ ਦੀ ਬਿਮਾਰੀ ਹੋ ਚੁੱਕੀ ਹੈ ਅਤੇ ਬੀਤੇ ਸਮੇਂ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਪਿੰਡ ਵਿੱਚ ਪੀਲੀਆ ਫੈਲ ਗਿਆ ਸੀ ਜਿਸ ਦਾ ਕਾਰਨ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਕੇ ਗੰਦਾ ਪਾਣੀ ਪਹੁੰਚਣਾ ਸੀ। ਜਿਸ ਨਾਲ ਕਈ ਬੱਚੇ ਪੀਲੀਏ ਦੀ ਚਪੇਟ ਵਿੱਚ ਆ ਗਏ ਸਨ। ਪਿੰਡ ਦੇ ਨਿੱਜੀ ਨਲਕਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ ਹੋ ਚੁੱਕੇ ਹਨ ਜਿਸ ਕਾਰਨ ਹਰ ਸਮੇਂ ਪਿੰਡ ਵਾਸੀਆਂ ਨੂੰ ਬਿਮਾਰੀ ਦੀ ਚਪੇਟ ਵਿੱਚ ਆਉਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਪੀਣ ਵਾਲੇ ਪਾਣੀ ਸਬੰਧੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਵਿਭਾਗ ਵਲੋਂ ਲੀਪਾ ਪੋਤੀ ਕਰਕੇ ਕੰਮ ਸਾਰਿਆ ਜਾਂਦਾ ਹੈ । ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਵਾਟਰ ਸਪਲਾਈ ਮਹਿਕਮੇ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਛੋਟੀ ਝੱਖੀਆਂ ਪਿੰਡ ਦੇ ਵਿੱਚ ਵਾਟਰ ਸਪਲਾਈ ਦੀ ਸਕੀਮ ਲਾਈ ਜਾਵੇ ਤਾਂ ਜੋ ਪੀਣ ਵਾਲਾ ਪਾਣੀ ਮਿਲ ਸਕੇ। ਪਿੰਡ ਦੇ ਕੁਝ ਘਰ ਤਾਂ ਅਜਿਹੇ ਹਨ ਜਿਨ੍ਹਾਂ ਵਿੱਚ ਅੱਜ ਤੱਕ ਕਦੇ ਪਾਣੀ ਪਹੁੰਚਿਆ ਹੀ ਨਹੀਂ। ਜਾਣਕਾਰੀ ਇਕੱਠੇ ਕੀਤਿਆਂ ਪਤਾ ਲੱਗਦਾ ਹੈ ਕਿ ਸੁਰਿੰਦਰ ਸਿੰਘ ਬੱਲ, ਨਿਰਮਲ ਸਿੰਘ ਬੱਲ, ਅਮਰੀਕ ਸਿੰਘ ਬੱਲ ,ਗੁਰਚਰਨ ਸਿੰਘ ਨੰਬਰਦਾਰ, ਮਨਜੀਤ ਸਿੰਘ, ਕਰਨੈਲ ਸਿੰਘ ਆਦਿ ਦੇ ਘਰਾਂ ਵਿੱਚ ਪਾਣੀ ਪਹੁੰਚ ਹੀ ਨਹੀਂ ਰਿਹਾ, ਜਦੋਂ ਕਿ ਮੋਟਰ ਲਗਾਤਾਰ ਚਲਾਈ ਜਾਂਦੀ ਹੈ, ਪਰ ਪਾਈਪ ਲਾਈਨਾਂ ਬੰਦ ਹੋਣ ਕਾਰਨ ’ਤੇ ਪੁਰਾਣੀਆਂ ਹੋਣ ਕਾਰਨ ਪਾਣੀ ਦੀ ਨਿਰੰਤਰ ਸਪਲਾਈ ਨਹੀਂ ਹੋ ਰਹੀ। ਬੀਤੇ ਦਿਨੀ ਰੇਲਵੇ ਵਿਭਾਗ ਵੱਲੋਂ ਲੋਟਣ ਖੱਡ ਦੇ ਵਿੱਚ ਸਫਾਈ ਕਰਦਿਆਂ ਪਾਣੀ ਸਪਲਾਈ ਦੇ ਪਾਈਪ ਤੋੜ ਦਿੱਤੇ ਗਏ ਹਨ ਜਿਸ ਨੂੰ ਮਹਿਕਮੇ ਵੱਲੋਂ ਆਰਜ਼ੀ ਤੌਰ ਤੇ ਜੋੜ ਦਿੱਤਾ ਗਿਆ ਹੈ, ਪਰ ਬਰਸਾਤ ਆਉਣ ਨਾਲ ਇਹ ਪਾਈਪ ਨਸ਼ਟ ਹੋ ਜਾਣਗੇ ’ਤੇ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ। ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਦੇ ਨਿਵਾਸੀਆਂ ਨੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ’ਤੇ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਅੱਤ ਦੀ ਪੈ ਰਹੀ ਗਰਮੀ ਵਿੱਚ ਸਭ ਤੋਂ ਜਰੂਰੀ ਪਿੰਡ ਵਾਸੀਆਂ ਨੂੰ ਪਾਣੀ ਮੁਹਈਆ ਕਰਵਾਇਆ ਜਾ ਸਕੇ ਅਤੇ ਵਾਟਰ ਸਪਲਾਈ ਮਹਿਕਮੇ ਨੂੰ ਵੀ ਇਸ ਪਾਸੇ ਤੁਰੰਤ ਧਿਆਨ ਦੇ ਕੇ ਪਾਣੀ ਦੀ ਸਪਲਾਈ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸਰਪੰਚ ਮੇਜਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਡਾਕਟਰ ਸ਼ਮਸ਼ੇਰ ਸਿੰਘ ਸ਼ੇਰਾ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ, ਨੰਬਰਦਾਰ ਬਹਾਦਰ ਸਿੰਘ, ਅਵਤਾਰ ਸਿੰਘ ਆਦੀ ਪਿੰਡ ਵਾਸੀ ਹਾਜ਼ਰ ਸਨ।