ਨੂਰਪੁਰਬੇਦੀ-ਬੂੰਗਾ ਸਾਹਿਬ ਮਾਰਗ ‘ਤੇ ਬੇਖੌਫ ਦੌੜ ਰਹੇ ਓਵਰਲੋਡ ਟਿੱਪਰ
ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਨੂਰਪੁਰਬੇਦੀ-ਬੂੰਗਾ ਸਾਹਿਬ ਮਾਰਗ ‘ਤੇ ਬੇਖੌਫ ਦੌੜ ਰਹੇ ਓਵਰਲੋਡ ਟਿੱਪਰ
Publish Date: Thu, 28 May 2026 05:46 PM (IST)
Updated Date: Thu, 28 May 2026 05:46 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਮੁੱਖ ਮਾਰਗ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਵੀ ਇਸ ਸੜਕ ‘ਤੇ ਦਿਨ-ਰਾਤ ਓਵਰਲੋਡ ਟਿੱਪਰ ਅਤੇ ਟਰਾਲਿਆਂ ਦੀ ਆਵਾਜਾਈ ਬਦਸਤੂਰ ਜਾਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠਾਂ ਹੋ ਰਿਹਾ ਹੈ, ਪਰ ਕਾਰਵਾਈ ਦੇ ਨਾਮ ‘ਤੇ ਸਿਰਫ਼ ਖ਼ਾਨਾਪੂਰਤੀ ਹੀ ਨਜ਼ਰ ਆ ਰਹੀ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਕਈ ਟਿੱਪਰ ਬਿਨ੍ਹਾਂ ਨੰਬਰ ਪਲੇਟ ਅਤੇ ਬਿਨ੍ਹਾਂ ਤਰਪਾਲ ਤੋਂ ਹੀ ਬੇਰੋਕਟੋਕ ਸੜਕਾਂ ‘ਤੇ ਦੌੜ ਰਹੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਅਦਿੱਤਿਆ ਡੇਚਲਵਾਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੂਰਪੁਰਬੇਦੀ-ਬੂੰਗਾ ਸਾਹਿਬ ਰੋਡ ‘ਤੇ 02 ਅਪ੍ਰੈਲ ਤੋਂ 01 ਜੂਨ 2026 ਤੱਕ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਸੀ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਹ ਹੁਕਮ ਕਾਗਜ਼ਾਂ ਤੱਕ ਹੀ ਸੀਮਿਤ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਟਿੱਪਰ ਮਾਫੀਆ ਪੁਲਿਸ ਪ੍ਰਸ਼ਾਸਨ ਦੀ ਢਿੱਲ ਦਾ ਫਾਇਦਾ ਚੁੱਕਦੇ ਹੋਏ ਬੇਖੌਫ ਆਪਣਾ ਧੰਧਾ ਚਲਾ ਰਹੇ ਹਨ। ਬਾਕਸ ਇੰਨ ਧੂੜ ਅਤੇ ਤੇਜ਼ ਰਫ਼ਤਾਰ ਕਾਰਨ ਲੋਕਾਂ ਦੀ ਜਾਨ ਖ਼ਤਰੇ ਵਿੱਚ: ਬਿਨਾਂ ਤਰਪਾਲ ਤੋਂ ਚੱਲ ਰਹੇ ਟਿੱਪਰਾਂ ਕਾਰਨ ਸੜਕਾਂ ‘ਤੇ ਧੂੜ ਦਾ ਗੁਬਾਰ ਬਣਿਆ ਰਹਿੰਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਤੇਜ਼ ਰਫ਼ਤਾਰ ਨਾਲ ਦੌੜਦੇ ਇਹ ਭਾਰੀ ਵਾਹਨ ਹਰ ਵੇਲੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੇ ਹੈਲਮਟ ਚਲਾਨ ਕੱਟ ਕੇ ਕਾਨੂੰਨ ਦੀ ਪਾਲਣਾ ਦਾ ਦਿਖਾਵਾ ਤਾਂ ਕਰਦਾ ਹੈ, ਪਰ ਪ੍ਰਭਾਵਸ਼ਾਲੀ ਟਿੱਪਰ ਮਾਫੀਆ ਅੱਗੇ ਪੂਰੀ ਤਰ੍ਹਾਂ ਬੇਬਸ ਦਿਖਾਈ ਦੇ ਰਿਹਾ ਹੈ। ਬਾਕਸ ਇੰਨ ਮਾਮਲਾ ਧਿਆਨ ਵਿੱਚ ਨਹੀਂ ਹੈ ਜਾ ਜਲਦੀ ਹੀ ਕਾਰਵਾਈ ਕਰਾਂਗੇ: ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਹਰ ਵਾਰ ਇੱਕੋ ਜਵਾਬ ਮਿਲਦਾ ਹੈ ਕਿ “ਮਾਮਲਾ ਧਿਆਨ ਵਿੱਚ ਨਹੀਂ” ਜਾਂ “ਜਲਦ ਕਾਰਵਾਈ ਕੀਤੀ ਜਾਵੇਗੀ।” ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਿਰ ਇਹ ਕਾਰਵਾਈ ਕਦੋਂ ਹੋਵੇਗੀ? ਕੀ ਪੁਲਿਸ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਬੇਗੁਨਾਹ ਲੋਕਾਂ ਦੀਆਂ ਜਾਨਾਂ ਜਾਣ ਦੀ ਉਡੀਕ ਕਰ ਰਿਹਾ ਹੈ? ਬਾਕਸ ਇੰਨ ਕੀ ਕਹਿਣਾ ਹੈ ਥਾਣਾ ਮੁੱਖੀ ਦਾ: ਇਸ ਸਬੰਧੀ ਜਦੋਂ ਨੂਰਪੁਰਬੇਦੀ ਦੇ ਥਾਣਾ ਮੁੱਖੀ ਗੁਰਮੁੱਖ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਮੁੱਚੀ ਪੁਲਿਸ ਚੋਣ ਡਿਊਟੀ ਚ ਤੈਨਾਤ ਸੀ। ਪਰੰਤੂ ਇਸ ਸਬੰਧੀ ਜਲਦ ਹੀ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਨਾਲ ਗੱਲਬਾਤ ਕਰਕੇ ਝੱਜ ਚੋਂਕ ਵਿਖੇ ਪੱਕਾ ਨਾਕਾ ਸਥਾਪਿਤ ਕੀਤਾ ਜਾਵੇਗਾ।