ਪਾਬੰਦੀ ਦੇ ਬਾਵਜੂਦ ਭਾਖੜਾ ਨਹਿਰ ’ਤੋਂ ਓਵਰਲੋਡ ਟਿੱਪਰਾਂ ਦਾ ਲੰਘਣਾ ਜਾਰੀ
ਪਾਬੰਦੀ ਦੇ ਬਾਵਜੂਦ ਭਾਖੜਾ ਨਹਿਰ ਉੱਤੋਂ ਓਵਰਲੋਡ ਟਿੱਪਰਾਂ ਦਾ ਲੰਘਣਾ ਜਾਰੀ
Publish Date: Wed, 27 May 2026 06:32 PM (IST)
Updated Date: Wed, 27 May 2026 06:34 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਵਿਚੋਂ ਲੰਘਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨਹਿਰ ਜੋ ਕਿ 1963 ਤੋਂ ਚਲਦੀ ਆ ਰਹੀ ਹੈ ਤੇ ਬਣੇ ਪੁਲ ਜੋ ਮਿਆਦ ਵੀ ਪੂਰੀ ਕਰ ਚੁੱਕੇ ਹਨ, ਉਹਨਾਂ ਪੁਲਾਂ ਉਤੋਂ ਓਵਰਲੋਡ ਟਿੱਪਰਾਂ ਦਾ ਲੰਘਣਾ ਲਗਾਤਾਰ ਜਾਰੀ ਹੈ ਹਾਲਾਂਕਿ ਬੀਬੀਐਮਬੀ ਵੱਲੋਂ ਚੇਤਾਵਨੀ ਬੋਰਡ ਵੀ ਲਗਾਏ ਗਏ ਹਨ, ਪਰ ਲੌਹੰਡ ਖੱਡ ਨਜ਼ਦੀਕ ਭਾਖੜਾ ਨਹਿਰ ਪੁੱਲ ਤੋਂ 40, 50 ਟਨ ਵਜਨ ਲੈ ਕੇ ਦਿਨ ਰਾਤ ਟਿੱਪਰ ਬੇ ਰੋਕ ਟੋਕ ਲੰਘ ਰਹੇ ਹਨ। ਇਹ ਟਿੱਪਰ ਲੌਂਹੰਡ ਖੱਡ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਤੋਂ ਕੱਚਾ ਮਟੀਰੀਅਲ ਗਰੈਵਰ ਲਿਆ ਕੇ ਭਰਤਗੜ੍ਹ ਨਜ਼ਦੀਕ ਕਰੈਸ਼ਰਾਂ ਤੇ ਸੁੱਟਦੇ ਹਨ। ਇਸੇ ਤਰ੍ਹਾਂ ਬੁੰਗਾ ਸਾਹਿਬ ਨਜ਼ਦੀਕ ਬਣੇ ਭਾਖੜਾ ਨਹਿਰ ਦੇ ਪੁੱਲ ਤੋਂ ਵੀ ਟਿੱਪਰ ਲੰਘ ਰਹੇ ਸਨ, ਜਿਨਾਂ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਅਤੇ ਦਿਨ ਰਾਤ ਪਹਿਰਾ ਦੇ ਕੇ ਟਿੱਪਰਾਂ ਨੂੰ ਰੋਕਿਆ ਗਿਆ, ਪਰ ਰਾਤ ਬਰਾਤੇ ਓਵਰਲੋਡ ਗੱਡੀਆਂ ਦਾ ਲੰਘਣਾ ਜਾਰੀ ਹੈ। ਗੱਲ ਜੇਕਰ ਲੌਹੰਡ ਖੱਡ ਦੀ ਕਰੀਏ ਤਾਂ ਕਲਿਆਣਪੁਰ ਸਮੇਤ ਇਹ ਰਸਤਾ ਹਿਮਾਚਲ ਪ੍ਰਦੇਸ਼ ਨੂੰ ਲੱਗਦਾ ਹੈ ਅਤੇ ਇਸ ਪੁੱਲ ਦੀ ਮਿਆਦ ਵੀ ਪੂਰੀ ਹੋ ਚੁੱਕੀ ਹੈ। ਜਦੋਂ ਇਹ ਪੁੱਲ ਤਿਆਰ ਕੀਤਾ ਗਿਆ ਸੀ ਤਾਂ ਇੰਨੀ ਹੈਵੀ ਮਸ਼ੀਨਰੀ ਨਹੀਂ ਸੀ, ਪਰ ਅੱਜ ਦੇ ਸਮੇਂ ਵਿੱਚ ਮਲਟੀ ਐਕਸਲ ਟਿੱਪਰ ਟਰੱਕ ਆ ਰਹੇ ਹਨ ਜੋ ਕਿ ਬਹੁਤ ਵਜਨ ਚੱਕਣ ਦੇ ਸਮਰੱਥ ਹਨ ਜੇਕਰ ਸਮਾਂ ਰਹਿੰਦੇ ਓਵਰਲੋਡ ਗੱਡੀਆਂ ਨੂੰ ਪੁਲ ਉੱਤੋਂ ਲੰਘਣ ਤੋਂ ਨਾ ਰੋਕਿਆ ਗਿਆ ਤਾਂ ਕਿਸੇ ਵੀ ਸਮੇਂ ਇਹ ਪੁੱਲ ਨੁਕਸਾਨਿਆ ਜਾ ਸਕਦਾ ਹੈ , ਜਿਸ ਨਾਲ ਕਲਿਆਣਪੁਰ ਸਥਿਤ ਰਹਿਣ ਵਾਲੇ ਲੋਕਾਂ ਦਾ ਸੰਪਰਕ ਰਸਤਾ ਟੁੱਟ ਜਾਵੇਗਾ। ਰਾਤ ਸਮੇਂ ਸੈਂਕੜਿਆਂ ਦੀ ਗਿਣਤੀ ਵਿੱਚ ਟਿੱਪਰ ਓਵਰਲੋਡ ਲੈ ਕੇ ਇਸ ਰਸਤੇ ਤੋਂ ਜਾਂਦੇ ਹਨ। ਕਲਿਆਣਪੁਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪੁੱਲ ਨੂੰ ਬਚਾਉਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਇਨ੍ਹਾਂ ਟਿੱਪਰਾਂ ਤੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਪੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧੀਨ ਆਉਂਦਾ ਹੈ ਪਰ ਜਲਦ ਹੀ ਇਹਨਾਂ ਓਵਰਲੋਡ ਟਿੱਪਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।