ਸਫਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਨੌਵੇਂ ਦਿਨ ਜਾਰੀ
ਸਫਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਨੌਵੇਂ ਦਿਨ ਜਾਰੀ
Publish Date: Sat, 16 May 2026 04:45 PM (IST)
Updated Date: Sat, 16 May 2026 04:48 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸੂਬੇ ਭਰ ਅੰਦਰ ਸਫਾਈ ਕਰਮਚਾਰੀਆਂ ਵੱਲੋਂ ਦਿੱਤੀ ਜਾ ਰਹੀ ਅਣਮਿਥੇ ਸਮੇਂ ਲਈ ਹੜਤਾਲ ਅੱਜ ਨੌਵੇਂ ਦਿਨ ਵੀ ਜਾਰੀ ਹੈ ਸਫਾਈ ਕਰਮਚਾਰੀ ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਦੇ ਦਫਤਰ ਅੱਗੇ ਬੈਠ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆਏ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਦੌਰਾਨ ਸ਼ਹਿਰ ਅੰਦਰ ਹਰ ਗਲੀ ਹਰ ਮਹੱਲੇ ਅਤੇ ਹਰ ਕੋਨੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਅਵਾਰਾ ਜਾਨਵਰ ਅਤੇ ਕੁੱਤੇ ਗੰਦਗੀ ਦੇ ਢੇਰ ਫਰੋਲ ਰਹੇ ਹਨ ਜਿਸ ਨਾਲ ਸ਼ਹਿਰ ਵਾਸੀਆਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਹੈ। ਜੇਕਰ ਸਰਕਾਰ ਵੱਲੋਂ ਜਲਦ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਭਿਆਨਕ ਬਿਮਾਰੀਆਂ ਜਾਂ ਭਿਆਨਕ ਮਹਾਂਮਾਰੀ ਫੈਲ ਸਕਦੀ ਹੈ। ਸਫਾਈ ਕਰਮਚਾਰੀਆਂ ਨੂੰ ਵੱਖ-ਵੱਖ ਯੂਨੀਅਨ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ। ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਸਫਾਈ ਕਰਮਚਾਰੀ ਦੀ ਰਿਟਾਇਰਮੈਂਟ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ, ਅਤੇ ਪੱਕੇ ਕਰਮਚਾਰੀਆਂ ਦੀ ਤਰ੍ਹਾਂ ਹਰ ਸਹੂਲਤ ਸਫਾਈ ਕਰਮਚਾਰੀ ਨੂੰ ਦਿੱਤੀ ਜਾਵੇ। ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਾਸੀ ਔਖੇ ਨਜਰ ਆ ਰਹੇ ਹਨ ਸਵੇਰੇ ਸ਼ਾਮ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਦੇ ਨਾਮ ਪਹੁੰਚਣ ਕਾਰਨ ਸ਼ਹਿਰ ਵਾਸੀ ਵੇਲੇ ਕੁਵੇਲੇ ਗਲੀਆਂ ਦੀਆਂ ਨੁੱਕਰਾਂ ਅਤੇ ਸੜਕ ਦੇ ਕਿਨਾਰਿਆਂ ’ਤੇ ਬੋਰੀਆਂ ਲਿਫਾਫੇ ਭਰ ਕੇ ਗੰਦਗੀ ਸੁੱਟ ਜਾਂਦੇ ਹਨ। ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਅਸੀਂ ਬੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ, ਪਰ ਆਮ ਆਦਮੀ ਪਾਰਟੀ ਸਰਕਾਰ ਵਲੋਂ ਲਾਰਿਆ ਤੋਂ ਸਿਵਾ ਕੁਝ ਨਹੀਂ ਮਿਲਿਆ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਫਾਈ ਕਰਮਚਾਰੀ ਵਿਰੋਧ ਕਰਨਗੇ ਜਿਸ ਦਾ ਖਾਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ। ਸ਼੍ਰੀ ਕੀਰਤਪੁਰ ਸਾਹਿਬ ਇੱਕ ਪਵਿੱਤਰ ਨਗਰੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਆਉਂਦੀਆਂ ਹਨ ਅਤੇ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਆਉਣ ਵਾਲੇ ਸੰਗਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਗੰਦਗੀ ਕਾਰਨ ਮੱਖੀਆਂ ਮੱਛਰਾਂ ਦੀ ਭਰਮਾਰ ਵੱਧ ਰਹੀ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਜਿਆਦਾ ਵੱਧ ਰਿਹਾ ਹੈ। ਸ਼ਹਿਰ ਵਾਸੀਆਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸਫਾਈ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਮੰਨ ਕੇ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਵੇ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵੱਲ ਧਿਆਨ ਦਿੱਤਾ ਜਾਵੇ। ਬੇਸ਼ੱਕ ਕੁਝ ਦਿਨ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਨਾਲ ਬੈਠ ਕੇ ਭਰੋਸਾ ਦਿੱਤਾ ਸੀ ਕਿ ਜਲਦ ਸੂਬਾ ਸਰਕਾਰ ਗੱਲਬਾਤ ਰਾਹੀਂ ਮਸਲਾ ਹੱਲ ਕਰ ਰਹੀ ਹੈ, ਪਰ ਸਫਾਈ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਹੈ ਲੱਗਦਾ ਹੈ ਚੋਣਾਂ ਕਰਨ ਮਸਲਾ ਠੰਡੇ ਬਸਤੇ ਪੈ ਰਿਹਾ ਹੈ। ਇਸ ਦੌਰਾਨ ਪ੍ਰਧਾਨ ਜਸਵੀਰ ਸਿੰਘ, ਰਮਨ ਕੁਮਾਰ, ਰਾਹੁਲ ਕਨੋਜਿਆ, ਸੰਜੀਵ ਕੁਮਾਰ, ਸ਼ਮਾ ਕੁਮਾਰ ਆਦੀ ਸਮੇਤ ਸਫਾਈ ਕਰਮਚਾਰੀ ਮੌਜੂਦ ਸਨ।