ਡੇਂਗੂ ਦਿਵਸ ਮੌਕੇ ਪੰਜਾਬ ਦੀ ਸਫਾਈ ਵਿਵਸਥਾ ‘ਤੇ ਉੱਠੇ ਸਵਾਲ
ਡੇਂਗੂ ਦਿਵਸ ਮੌਕੇ ਪੰਜਾਬ ਦੀ ਸਫਾਈ ਵਿਵਸਥਾ ‘ਤੇ ਉੱਠੇ ਸਵਾਲ
Publish Date: Fri, 15 May 2026 05:52 PM (IST)
Updated Date: Fri, 15 May 2026 05:54 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਭਾਰਤ ਵਿੱਚ ਹਰ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਪਰ ਇਸ ਵਾਰ ਪੰਜਾਬ ਦੇ ਹਾਲਾਤ ਚਿੰਤਾਜਨਕ ਨਜ਼ਰ ਆ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰਾਂ ਅਤੇ ਕਸਬਿਆਂ ਵਿੱਚ ਗੰਦਗੀ ਦੇ ਢੇਰ ਲੱਗ ਚੁੱਕੇ ਹਨ। ਕੂੜੇ ਦੇ ਅੰਬਾਰਾਂ ਵਿਚੋਂ ਉੱਠ ਰਹੀ ਬਦਬੂ ਅਤੇ ਮੱਛਰ-ਮੱਖੀ ਦੀ ਵੱਧ ਰਹੀ ਗਿਣਤੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਕਈ ਥਾਵਾਂ ‘ਤੇ ਬਿਮਾਰੀਆਂ ਫੈਲਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ, ਪਰ ਇਸਦੇ ਬਾਵਜੂਦ ਸਰਕਾਰ ਵੱਲੋਂ ਹਾਲਾਤਾਂ ਨੂੰ ਸੰਭਾਲਣ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਦੇਖੀ ਜਾ ਰਹੀ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ੍ਰੀ ਕੇਸਗੜ ਸਾਹਿਬ, ਵਿਰਾਸਤ ਏ ਖਾਲਸਾ ਅਤੇ ਮਾਤਾ ਨੈਣਾ ਦੇਵੀ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ, ਪਰ ਗੰਦਗੀ ਦੇ ਢੇਰ ਅਤੇ ਮਾੜੀ ਸਫਾਈ ਨੂੰ ਦੇਖ ਕੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦੇ ਹਨ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜ੍ਹਾ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦੀ ਮੌਜੂਦਾ ਹਾਲਤ ਬਹੁਤ ਹੀ ਦੁਖਦਾਈ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਡੇਂਗੂ ਦਿਵਸ ਮੌਕੇ ਜਿੱਥੇ ਲੋਕਾਂ ਨੂੰ ਸਫਾਈ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਉੱਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਗੰਦਗੀ ਦੇ ਢੇਰ ਲੋਕਾਂ ਲਈ ਖਤਰਾ ਬਣੇ ਹੋਏ ਹਨ। ਉਹਨਾਂ ਕਿਹਾ ਕਿ ਹੜਤਾਲ ਨੂੰ ਲੈ ਕੇ ਸਰਕਾਰ ਵੱਲੋਂ ਸਮੇਂ ਸਿਰ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ ਜਿਸ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਰਤਨ ਕੁਮਾਰ ਧਨੇੜ੍ਹਾ ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਸਿਰਫ ਰਾਜਨੀਤਿਕ ਭਾਸ਼ਣ ਦੇਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਸਗੋਂ ਲੋਕਾਂ ਦੀ ਸਿਹਤ ਅਤੇ ਸਫਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਰਗੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਹਾਲਾਤ ਜਲਦੀ ਕਾਬੂ ਵਿੱਚ ਨਾ ਆਏ ਤਾਂ ਡੇਂਗੂ ਸਮੇਤ ਹੋਰ ਬਿਮਾਰੀਆਂ ਵੱਡੇ ਪੱਧਰ ‘ਤੇ ਫੈਲ ਸਕਦੀਆਂ ਹਨ। ਸਾਬਕਾ ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੂੜਾ ਕਈ ਕਈ ਦਿਨਾਂ ਤੋਂ ਨਹੀਂ ਚੁੱਕਿਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਗਲੀਆਂ ਅਤੇ ਬਾਜ਼ਾਰਾਂ ਵਿੱਚ ਫੈਲੀ ਗੰਦਗੀ ਕਾਰਨ ਵਪਾਰੀ ਅਤੇ ਆਮ ਲੋਕ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ। ਬੰਟੀ ਵਾਲੀਆ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਗੰਦਗੀ ਅਤੇ ਖੜ੍ਹੇ ਪਾਣੀ ਕਾਰਨ ਮੱਛਰ ਬਹੁਤ ਤੇਜ਼ੀ ਨਾਲ ਪੈਦਾ ਹੁੰਦੇ ਹਨ ਜੋ ਡੇਂਗੂ ਅਤੇ ਹੋਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਹਾਲਾਤਾਂ ਪ੍ਰਤੀ ਗੰਭੀਰ ਨਹੀਂ ਦਿਖਾਈ ਦੇ ਰਹੇ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਜਦੋਂ ਗੰਦਗੀ ਅਤੇ ਮਾੜੇ ਸਫਾਈ ਪ੍ਰਬੰਧਾਂ ਨੂੰ ਦੇਖਦੇ ਹਨ ਤਾਂ ਪੰਜਾਬ ਦੀ ਛਵੀ ਨੂੰ ਵੀ ਝਟਕਾ ਲੱਗਦਾ ਹੈ। ਉਹਨਾਂ ਮੰਗ ਕੀਤੀ ਕਿ ਤੁਰੰਤ ਸਫਾਈ ਪ੍ਰਬੰਧ ਸੁਚਾਰੂ ਕੀਤੇ ਜਾਣ ਅਤੇ ਸ਼ਹਿਰਾਂ ਵਿੱਚ ਦਵਾਈਆਂ ਦਾ ਛਿੜਕਾਅ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸਮਾਜ ਸੇਵੀ ਤਰਲੋਚਨ ਸਿੰਘ ਚੱਠਾ ਨੇ ਕਿਹਾ ਕਿ ਸਫਾਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਪਰ ਮੌਜੂਦਾ ਹਾਲਾਤਾਂ ਵਿੱਚ ਸਰਕਾਰੀ ਪ੍ਰਬੰਧ ਪੂਰੀ ਤਰ੍ਹਾਂ ਨਾਕਾਮ ਦਿਖਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਲੋਕ ਪਹਿਲਾਂ ਹੀ ਮਹਿੰਗਾਈ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਉੱਥੇ ਬਿਮਾਰੀਆਂ ਦਾ ਡਰ ਲੋਕਾਂ ਦੀ ਚਿੰਤਾ ਹੋਰ ਵਧਾ ਰਿਹਾ ਹੈ। ਤਰਲੋਚਨ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਫਾਈ ਅਤੇ ਫੋਗਿੰਗ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਸਾਫ ਸੁਥਰੀ ਛਵੀ ਨੂੰ ਬਣਾਈ ਰੱਖਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਇੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਸਫਾਈ ਬਣਾਈ ਰੱਖਣ ਅਤੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।