13 ਕਰੋੜ ਨਾਲ ਕੀਰਤਪੁਰ ਸਾਹਿਬ ’ਚ ਬਣੇਗਾ ਨਵਾਂ ਸੀਵਰੇਜ ਸਿਸਟਮ : ਹਰਜੋਤ ਸਿੰਘ ਬੈਂਸ
13 ਕਰੋੜ ਰੁਪਏ ਦੀ ਲਾਗਤ ਨਾਲ ਕੀਰਤਪੁਰ ਸਾਹਿਬ (ਸ਼ਹਿਰ) ਵਿੱਚ ਬਣੇਗਾ ਨਵਾਂ ਸੀਵਰੇਜ ਸਿਸਟਮ : ਹਰਜੋਤ ਸਿੰਘ ਬੈਂਸ
Publish Date: Tue, 12 May 2026 04:03 PM (IST)
Updated Date: Tue, 12 May 2026 04:06 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ ਤੇ ਹੁਣ ਤੱਕ 50 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਇਸ ਇਲਾਕੇ ਲਈ ਕਰਵਾਏ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਸੀ ਕਿ ਸ਼ਹਿਰ ਨੂੰ ਇੱਕ ਸ਼ਾਨਦਾਰ ਬੱਸ ਅੱਡੇ ਦੀ ਸਹੂਲਤ ਦਿੱਤੀ ਜਾਵੇ, ਪ੍ਰੰਤੂ ਪਿਛਲੀਆਂ ਸਰਕਾਰਾਂ ਵੱਲੋ ਇਸ ਮਹਾਨ ਪਵਿੱਤਰ ਧਰਤੀ ਦੀ ਵੱਡੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ, ਪ੍ਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਦੀ ਇਸ ਵੱਡੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ ’ਤੇ ਸ਼ਾਨਦਾਰ ਬੱਸ ਅੱਡੇ ਦੀ ਸਹੂਲਤ ਸ਼ਹਿਰ ਨੂੰ ਦਿੱਤੀ ਜਾਵੇਗੀ, ਜਿਸ ਸਬੰਧੀ ਸਾਰੀ ਜਾਣਕਾਰੀ ਵੀ ਜਲਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਵਿੱਚ 13 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸੀਵਰੇਜ ਸਿਸਟਮ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਸ਼ਹਿਰ ਦੀ ਸਫਾਈ ਅਤੇ ਵਾਤਾਵਰਣ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ। ਇਹ ਪ੍ਰੋਜੈਕਟ ਪੂਰਾ ਹੋਣ ਨਾਲ ਗੰਦੇ ਪਾਣੀ ਦੀ ਸਹੀ ਸਫਾਈ ਹੋਵੇਗੀ ਅਤੇ ਨਦੀ-ਨਾਲਿਆਂ ਵਿੱਚ ਪੈਣ ਵਾਲੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਕੀਰਤਪੁਰ ਸਾਹਿਬ ਦੇ ਨਿਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਮਿਲੇਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਗਰ ਪੰਚਾਇਤ ਦਫਤਰ ਕੀਰਤਪੁਰ ਸਾਹਿਬ ਵਿਖੇ ਪਿੰਡਾਂ ਲਈ ਲਗਭਗ 2 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈਕ ਵੰਡੇ ਗਏ। ਜਿਨ੍ਹਾਂ ਵਿੱਚ ਬਾਸੋਵਾਲ ਕਲੋਨੀ, ਕਲੋਤਾ, ਬੇਲਾ ਧਿਆਨੀ, ਮਹਿਰੋਲੀ, ਘਨਾਰੂ, ਲੋਅਰ ਬੱਢਲ, ਗੰਗੂਵਾਲ, ਸ਼ਾਹਪੁਰ ਬੇਲਾ, ਮੀਆਂਪੁਰ, ਦਸਗਰਾਈਂ, ਮਾਂਗੇਵਾਲ ਬਾਗ਼, ਭੱਟੋਂ, ਬੇਲਾ ਧਿਆਨੀ ਲੋਅਰ, ਸੂਰੇਵਾਲ ਲੋਅਰ, ਬਾਸ ਡੱਬਰੀ, ਬੀਕਾਪੁਰ ਅੱਪਰ, ਸਜਮੋਰ, ਅਟਾਰੀ, ਭਾਓਵਾਲ, ਅਵਾਨਕੋਟ ਲੋਅਰ, ਟੱਪਰੀਆਂ ਬਾਸ, ਕੋਟਬਾਲਾ, ਬੜਾ ਪਿੰਡ ਸਮੇਤ ਦਰਜਨਾਂ ਹੋਰ ਪਿੰਡਾਂ ਨੂੰ ਗ੍ਰਾਂਟਾਂ ਦੇ ਚੈੱਕ ਦਿੱਤੇ ਗਏ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹਰ ਹਲਕੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਵੰਡੇ ਗਏ 2 ਕਰੋੜ ਰੁਪਏ ਦੇ ਚੈਕ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਰਤੇ ਜਾਣਗੇ। ਇਸ ਵਿੱਚ ਸੜਕਾਂ ਦੀ ਮੁਰੰਮਤ, ਗਲੀਆਂ-ਨਾਲੀਆਂ ਦੀ ਸੁਧਾਰ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਹੋਰ ਕੰਮ ਸ਼ਾਮਲ ਹਨ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਇਹ ਰਾਸ਼ੀ ਪਾਰਦਰਸ਼ੀ ਢੰਗ ਨਾਲ ਵਰਤੀ ਜਾਵੇ ਅਤੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਸਕੂਲ ਆਫ ਐਮੀਨੈਂਸ ਦਾ 12 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਜਿਸ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਹਸਪਤਾਲ ਵੀ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਸੀ ਲੋਕ ਮੰਗ ਉਠਾਉਂਦੇ ਰਹੇ ਪ੍ਰੰਤੂ ਪਿਛਲੀਆਂ ਸਰਕਾਰਾਂ ਨੇ ਕਦੀ ਇਨ੍ਹਾਂ ਬੁਨਿਆਦੀ ਸਹੂਲਤਾਂ ਵਿਕਸਤ ਕਰਨ ਵੱਲ ਧਿਆਨ ਨਹੀਂ ਦਿੱਤਾ ’ਤੇ ਹੁਣ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਦਾ ਨਵੀਨੀਕਰਨ ਕਰਵਾਇਆ ਗਿਆ ਹੈ ’ਤੇ ਇੱਕ ਆਮ ਆਦਮੀ ਕਲੀਨਿਕ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਮੁੱਖ ਚੌਂਕ ਦਾ ਸੁੰਦਰੀਕਰਨ ਵੀ ਕਰਵਾਇਆ ਗਿਆ ਹੈ ਜੋ ਬਾਹਰੋਂ ਆਉਣ ਵਾਲੀ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ, ਤਾਂ ਜੋ ਇਲਾਕੇ ਦੀ ਤਰੱਕੀ ਨੂੰ ਹੋਰ ਗਤੀ ਮਿਲ ਸਕੇ। ਇਸ ਮੌਕੇ ਸਥਾਨਕ ਆਗੂ, ਪੰਚਾਇਤ ਮੈਂਬਰ ਅਤੇ ਇਲਾਕਾ ਵਾਸੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ ਅਤੇ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਦੀ ਸਰਾਹਨਾ ਕੀਤੀ ਗਈ। ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟਰੇਡ ਕਮਿਸ਼ਨ, ਤਰਲੋਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ,ਗਫੂਰ ਮੁਹੰਮਦ ਬਲਾਕ ਪ੍ਰਧਾਨ, ਧਰਮ ਸਿੰਘ ਰਾਣਾ, ਮਨੀ ਬਾਵਾ, ਗੁਰਨਾਮ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਬਿੱਟੂ, ਸੁਰਿੰਦਰ ਸਿੰਘ ਕਲਿਆਣਪੁਰ, ਸਰਬਜੀਤ ਭਟੋਲੀ, ਰਜਿੰਦਰ ਸੈਣੀ, ਚੰਦਰ ਮੋਹਨ ਸਿੰਧੂ, ਸ਼ਮਸ਼ੇਰ ਸਿੰਘ ਕੋਟਲਾ, ਕੁਲਵਿੰਦਰ ਕੌਸ਼ਲ, ਮਾਨ ਸੈਣੀ, ਗੁਰਵਿੰਦਰ ਸਿੰਘ ਸਰਪੰਚ, ਜਗੀਰ ਸਿੰਘ ਭਾਓਵਾਲ, ਦਰਸ਼ਨ ਸਿੰਘ ਅਟਾਰੀ, ਰਜੇਸ਼ ਭੱਲਾ ਸਰਪੰਚ ਅਟਾਰੀ,ਕੁਲਵਿੰਦਰ ਸਿੰਘ ਕੈਲਾ ਸਰਪੰਚ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।