ਮਿਡ ਡੇ ਮੀਲ ਯੂਨੀਅਨ ਕਰੇਗੀ ਰੋਸ ਰੈਲੀ ’ਤੇ ਮੁਜ਼ਾਹਰਾ
ਮਿਡ ਡੇ ਮੀਲ ਵਰਕਰ ਯੂਨੀਅਨ ਕਰੇਗੀ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਰੋਸ ਰੈਲੀ ’ਤੇ ਮੁਜ਼ਾਹਰਾ
Publish Date: Wed, 06 May 2026 04:29 PM (IST)
Updated Date: Wed, 06 May 2026 04:29 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਮਿਡ ਡੇ ਮੀਲ ਵਰਕਰਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ ਆਨੰਦਪੁਰ ਸਾਹਿਬ ਵਿੱਚ ਵਿਸ਼ਾਲ ਰੋਸ ਰੈਲੀ ’ਤੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ,ਜਨਰਲ ਸਕੱਤਰ ਕਮਲਜੀਤ ਕੌਰ ਪਰਵੀਨ ਬਾਲਾ ’ਤੇ ਸੂਬਾ ਕੈਸ਼ੀਅਰ ਕਮਲੇਸ਼ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਮਿਡ ਡੇ ਮੀਲ ਵਰਕਰਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਨੇ ਮਿਡ ਡੇ ਮੀਲ ਵਰਕਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ। ਜਦਕਿ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਮਿਡ ਡੇ ਮੀਲ ਵਰਕਰਾਂ ’ਤੇ ਘੱਟੋ-ਘੱਟ ਉਜਰਤ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਮਿਡ ਡੇ ਮੀਲ ਵਰਕਰਾਂ ਨੂੰ ਹਾਦਸਾ ਹੋਣ ’ਤੇ ਕੋਈ ਉਚਿੱਤ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ। ਨਾ ਹੀ ਕੋਈ ਛੁੱਟੀਆਂ ਸਬੰਧੀ ਪੱਕੇ ਨਿਯਮ ਬਣਾਏ ਗਏ ਹਨ। 25 ਬੱਚਿਆਂ ਪਿੱਛੇ ਇਕ ਮਿਡ ਡੇ ਮੀਲ ਵਰਕਰ ਦੀ ਬਹੁਤ ਜਾਇਜ਼ ਮੰਗ ਮੰਨੀ ਨਹੀਂ ਜਾ ਰਹੀ। ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਆਗੂਆਂ ਕਿਹਾ ਕਿ ਪੰਜਾਬ ਵਿੱਚ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਸਾਰੇ ਸੂਬਿਆਂ ਤੋਂ ਘੱਟ ਦਿੱਤੀ ਜਾ ਰਹੀ ਹੈ। ਜਦਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ 7500 ਰੁਪਏ ਤਨਖਾਹ ਮਿਲ ਰਹੀ ਹੈ। ਮਿਡ ਡੇ ਮੀਲ ਵਰਕਰ ਐਨੀਆਂ ਗਰਮੀਆਂ ’ਤੇ ਭਰ ਸਰਦੀਆਂ ਵਿੱਚ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਖਾਣਾ ਖੁਆਉਂਦੇ ਹਨ। ਕਈ ਵਾਰ ਸਿਲੰਡਰਾਂ ਦੇ ਫਟਣ ’ਤੇ ਕੂਕਰ ਦੇ ਫਟਣ ਨਾਲ ਅਨੇਕਾਂ ਵਾਰ ਹਾਦਸੇ ਹੋ ਜਾਂਦੇ ਹਨ। ਪਰ ਸਰਕਾਰ ਗਰੀਬ ਮਿਡ ਡੇ ਮੀਲ ਵਰਕਰਾਂ ਦੇ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈ ਰਹੀ। ਅੱਕੇ ਮਿੱਡ ਡੇ ਮੀਲ ਵਰਕਰ ਸਰਕਾਰ ਦਾ ਪਿੱਟ ਸਿਆਪਾ ਕਰਨ ’ਤੇ ਮਜਬੂਰ ਹਨ। ਆਗੂਆਂ ਨੇ ਮਿਡ ਡੇ ਮੀਲ ਵਰਕਰਾਂ ਨੂੰ ਤੇ ਯੂਨੀਅਨ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ 9 ਮਈ ਨੂੰ 10 ਸ੍ਰੀ ਆਨੰਦਪੁਰ ਸਾਹਿਬ ਵਿਖੇ ਭਰਵੀਂ ਗਿਣਤੀ ਵਿੱਚ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਪਹੁੰਚਣ। ਇਸ ਮੌਕੇ ਹਰਮੇਸ਼ ਕੌਰ, ਮਹਿੰਦਰ ਕੌਰ, ਸ਼ਹਿਨੀਲਾ, ਅਜਮਤ ਕੌਰ ਤੇ ਸਤਿੰਦਰ ਕੌਰ ਆਦਿ ਆਗੂ ਹਾਜ਼ਰ ਸਨ।