ਮਲਵਿੰਦਰ ਸਿੰਘ ਕੰਗ ਗੁਰਦੁਆਰਾ ਸ਼ੀਸ਼ ਮਹਿਲ ’ਚ ਹੋਏ ਨਤਮਸਤਕ
ਮਲਵਿੰਦਰ ਸਿੰਘ ਕੰਗ ਗੁਰਦੁਆਰਾ ਸ਼ੀਸ਼ ਮਹਿਲ ਹੋਏ ਨਤਮਸਤਕ
Publish Date: Sun, 03 May 2026 07:13 PM (IST)
Updated Date: Sun, 03 May 2026 07:14 PM (IST)

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸਬੰਧੀ ਗੁਰਦੁਆਰਾ ਸ਼ੀਸ਼ ਮਹਿਲ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ੍ਰੀ ਹਰਗੋਬਿੰਦ ਸਾਹਿਬ ਦੇ ਵਸਾਏ ਹੋਏ ਸ਼ਹਿਰ ਸ੍ਰੀ ਕੀਰਤਪੁਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਗਿਆ ਹੈ। ਉਹ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ, ਪਰ ਕੁਝ ਰੁਝੇਵਿਆਂ ਕਾਰਨ ਉਹ ਸਮਾਗਮ ਦਾ ਹਿੱਸਾ ਨਹੀਂ ਬਣ ਸਕੇ ਪਰ ਹੁਣ ਸਮਾਂ ਕੱਢ ਕੇ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਛੇ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪਵਿੱਤਰ ਧਰਤੀ ਜਿੱਥੇ ਦੋ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਹੋਇਆ ਹੈ ਅਤੇ ਹਰ ਇੱਕ ਸਿੱਖ ਇਸ ਧਰਤੀ ਨੂੰ ਸਿਜਦਾ ਕਰਦਾ ਹੈ। ਉਨ੍ਹਾਂ ਐੱਸਜੀਪੀਸੀ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਮਨਾਏ ਗਏ 400 ਸਾਲਾ ਸਥਾਪਨਾ ਦਿਵਸ ਦੀ ਸ਼ਲਾਘਾ ਕੀਤੀ। ਭਾਜਪਾ ਵਿੱਚ ਸ਼ਾਮਲ ਹੋਏ ਸਤ ਸੰਸਦ ਮੈਂਬਰਾਂ ਬਾਰੇ ਗੱਲਬਾਤ ਕਰਦਿਆਂ ਕੰਗ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਪਰ ਲੋਕਾਂ ਵਿੱਚ ਉਨ੍ਹਾਂ ਦਾ ਕੋਈ ਵੱਡਾ ਆਧਾਰ ਨਹੀਂ ਹੈ ਉਹ ਤਾਂ ਸਿਰਫ ਵਪਾਰੀ ਬੰਦੇ ਹਨ, ਸੰਦੀਪ ਪਾਠਕ ’ਤੇ ਹੋਏ ਪਰਚੇ ਸਬੰਧੀ ਗੱਲਬਾਤ ਕਰਦਿਆਂ ਕੰਗ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਇਹ ਕਾਰਵਾਈ ਪਹਿਲਾਂ ਤੋਂ ਹੀ ਚੱਲ ਰਹੀ ਸੀ ਇਸ ਵਿੱਚ ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਡੇ ਹਸਪਤਾਲ ਲਈ ਉਹ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਨਿਕ ਸਕੂਲ ਖੋਲਣ ਦੀ ਵੀ ਗੱਲਬਾਤ ਚੱਲ ਰਹੀ ਹੈ। ਸਤਲੁਜ ਦਰਿਆ ਦੇ ਨਹਿਰੀ ਕਰਨ ਬਾਰੇ ਗੱਲਬਾਤ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹਨਾਂ ਦਾ ਖੇਤਰ ਦਰਿਆ ਦੇ ਪ੍ਰਭਾਵ ਹੇਠ ਰਹਿੰਦਾ, ਹੜ੍ਹਾਂ ਦੀ ਮਾਰ ਤੋਂ ਇਲਾਕੇ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਤੇ ਕੰਮ ਚੱਲ ਰਿਹਾ ਹੈ, ਕਿਉਂਕਿ ਬਰਸਾਤ ਦਾ ਮੌਸਮ ਅੱਗੇ ਆਉਣ ਵਾਲਾ ਹੈ ਅਤੇ ਇਲਾਕੇ ਨੂੰ ਹੜਾਂ ਤੋਂ ਬਚਾਉਣ ਲਈ ਸਥਾਈ ਹੱਲ ਦੀਆਂ ਕੋਸ਼ਿਸ਼ਾਂ ਜਾਰੀ ਹਨ।