ਨੈਸ਼ਨਲ ਹਾਈਵੇ ਅਥਾਰਟੀ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ
ਨੈਸ਼ਨਲ ਹਾਈਵੇ ਅਥਾਰਟੀ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ
Publish Date: Sun, 03 May 2026 04:18 PM (IST)
Updated Date: Sun, 03 May 2026 04:20 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਗਰਾਂ ਮੋੜਾ ਟੋਲ ਪਲਾਜ਼ਾ ’ਤੇ ਬੈਠੇ ਸੰਘਰਸ਼ ਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਗਰਾਂ ਮੋੜਾ ਟੋਲ ਪਲਾਜ਼ਾ ਸਵੇਰੇ 10 ਵਜੇ ਤੋਂ ਮੁਫ਼ਤ ਕੀਤਾ ਗਿਆ ਸੀ, ਇਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਧਰਨੇ ਵਾਲੀ ਜਗ੍ਹਾ ’ਤੇ ਆਪਣਾ ਰੁੱਖ ਸਪੱਸ਼ਟ ਕਰਨ ਲਈ ਬੁਲਾਇਆ ਗਿਆ ਸੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਪ੍ਰਾਜੈਕਟ ਮੈਨੇਜਰ ਦਿਗਵਰਤ ਪਹੁੰਚੇ ਸਨ ਅਤੇ ਉਨ੍ਹਾਂ ਨੇ ਮੰਨਿਆ ਹਿਮਾਚਲ ਦਾ ਐਂਟਰੀ ਟੈਕਸ ਗਰਾਂ ਟੋਲ ਪਲਾਜ਼ਾ ਗੈਰ ਸੰਵਿਧਾਨਿਕ ਇਨ੍ਹਾਂ ਨੇ ਸਾਡੀ ਮਨਜ਼ੂਰੀ ਤੋਂ ਬਿਨਾਂ ਲਾਇਆ ਹੈ ਤੇ ਭਵਿੱਖ ਵਿੱਚ ਵੀ ਇਨ੍ਹਾਂ ਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਟੋਲ ਦੇ ਠੇਕੇਦਾਰ ਹੁਣ ਵੀ ਮਨਜ਼ੂਰੀ ਮੰਗ ਰਹੇ ਸਨ, ਪਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੋਈ ਮਨਜ਼ੂਰੀ ਜਾਰੀ ਨਹੀਂ ਕੀਤੀ ਗਈ। ਇਸ ਸਬੰਧੀ ਕਾਨੂੰਨੀ ਕਾਰਵਾਈ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਨ੍ਹਾਂ ਵੱਲੋਂ ਮੇਲ ਜਾਰੀ ਕਰ ਦਿੱਤੀ ਗਈ ਹੈ ’ਤੇ ਉਸ ਦਾ ਪੀਡੀਐੱਫ ਵੀ ਸੰਘਰਸ਼ਕਾਰੀਆਂ ਨੂੰ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਐੱਨਐੱਚਆਈ ਦੇ ਇਸ ਸਪੱਸ਼ਟ ਸਟੈਂਡ ਤੋਂ ਬਾਅਦ ਸਾਢੇ ਛੇ ਵਜੇ ਧਰਨਾ ਸਮਾਪਤ ਕਰ ਦਿੱਤਾ ਗਿਆ, ਪਰ ਨਿਹੰਗ ਜਥੇਬੰਦੀਆਂ ਦਾ 10 ਦਿਨ ਅਲਟੀਮੇਟਮ ਕਾਇਮ ਹੈ। ਗੌਰਵ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਜਨ ਹਿੱਤ ਪਟੀਸ਼ਨ ਪਾਈ ਗਈ ਹੈ ਅਤੇ ਕੇਸ ਸਬੰਧੀ ਪੂਰਾ ਖਰੜਾ ਤਿਆਰ ਕੀਤਾ ਗਿਆ ਹੈ, ਜੇਕਰ ਪੰਜਾਬ ਸਰਕਾਰ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਸਬੰਧਿਤ ਕਾਗਜ਼ੀ ਕਾਰਵਾਈ ਦੇਣ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 10 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ ਕਾਇਮ ਹੈ ਅਤੇ ਉਹ ਜਥੇਬੰਦੀ ਨਾਲ ਸਹਿਯੋਗ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਗਰਾਂ ਐਂਟਰੀ ਟੈਕਸ ਬੰਦ ਕਰਵਾਉਣ ਤੋਂ ਬਾਅਦ ਬਾਕੀ ਦੇ ਸਰਹੱਦੀ ਇਲਾਕਿਆਂ ਦੇ 33 ਐਂਟਰੀ ਟੈਕਸ ਵੀ ਬੰਦ ਕਰਵਾਏ ਜਾਣਗੇ।