ਧੰਨ ਧੰਨ ਮਸਤ ਸੰਤ ਬਾਬਾ ਸ਼ਾਮ ਜੀ ਦਾ ਨਿਰਵਾਨ ਉਤਸਵ 16 ਤੋਂ
ਧੰਨ ਧੰਨ ਮਸਤ ਸੰਤ ਬਾਬਾ ਸ਼ਾਮ ਜੀ ਮਹਾਰਾਜ ਸਮਾਧੀ ਵਾਲਿਆਂ ਦਾ ਨਿਰਵਾਨ ਉਤਸਵ 16 ਤੋਂ 18 ਮਈ ਤੱਕ
Publish Date: Sun, 03 May 2026 04:16 PM (IST)
Updated Date: Sun, 03 May 2026 04:17 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਝੱਜ ਧਾਮ ਵਿਖੇ ਧੰਨ ਧੰਨ ਮਸਤ ਸੰਤ ਬਾਬਾ ਸ਼ਾਮ ਜੀ ਮਹਾਰਾਜ ਸਮਾਧੀ ਵਾਲਿਆਂ ਦਾ ਸਾਲਾਨਾ ਨਿਰਵਾਨ ਉਤਸਵ 16 ਤੋਂ 18 ਮਈ ਤੱਕ ਬੜੀ ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਝੱਜ ਧਾਮ ਦੇ ਸੰਚਾਲਕ ਸਵਾਮੀ ਅਨਮੋਲਕਾ ਨੰਦ ਮਹਾਰਾਜ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਇਸ ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਸਵੇਰੇ 10 ਵਜੇ ਬਾਣੀ ਦੇ ਪਾਠਾਂ ਦਾ ਆਰੰਭ ਕੀਤਾ ਜਾਵੇਗਾ ਅਤੇ ਸ਼ਾਮ 7 ਵਜੇ ਸੰਧਿਆ ਆਰਤੀ ਹੋਵੇਗੀ। 17 ਮਈ ਨੂੰ ਸਵੇਰੇ ਤੋਂ ਹੀ ਡੇਰੇ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਇਆ ਜਾਵੇਗਾ, ਜਿਸ ਵਿੱਚ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਜਾਂਚ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਇਸੇ ਦਿਨ ਸ਼ਾਮ 4:30 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਵੱਖ-ਵੱਖ ਪਿੰਡਾਂ ਤੋਂ ਗੁਜ਼ਰਦੀ ਹੋਈ ਮੁੜ ਡੇਰਾ ਝੱਜ ਧਾਮ ਪਹੁੰਚੇਗੀ। ਸ਼ਾਮ 8 ਵਜੇ ਸੰਧਿਆ ਆਰਤੀ ਨਾਲ ਦਿਨ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਵੇਗੀ। 18 ਮਈ ਨੂੰ ਬਾਣੀ ਦੇ ਪਾਠਾਂ ਦਾ ਭੋਗ ਪਾਇਆ ਜਾਵੇਗਾ, ਜਿਸ ਤੋਂ ਬਾਅਦ ਸਵੇਰੇ 11 ਵਜੇ ਸੰਤ ਸੰਮੇਲਨ ਕਰਵਾਇਆ ਜਾਵੇਗਾ। ਇਸ ਵਿੱਚ ਵੱਖ-ਵੱਖ ਸੰਤ ਮਹਾਪੁਰਸ਼ ਸ਼ਿਰਕਤ ਕਰ ਕੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮ ਸਿਮਰਨ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨਗੇ। ਸ਼ਾਮ 8 ਵਜੇ ਸੰਧਿਆ ਕੀਰਤਨ ਹੋਵੇਗਾ, ਜਿਸ ਵਿੱਚ ਪ੍ਰਸਿੱਧ ਟੀਵੀ ਕਲਾਕਾਰ ਅਲਕਾ ਗੋਇਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਪੇਸ਼ ਕਰਨਗੇ। ਇਸ ਤੋਂ ਬਾਅਦ ਸੂਫੀ ਕਲਾਕਾਰ ਹਰਮੇਸ਼ ਰੰਗੀਲਾ ਅਤੇ ਓਂਕਾਰ ਵਾਲੀਆ ਸੂਫੀਆਨਾ ਮਹਿਫਲ ਰਾਹੀਂ ਧਾਰਮਿਕ ਮਾਹੌਲ ਰਚਣਗੇ। ਸਵਾਮੀ ਅਨਮੋਲਕਾ ਨੰਦ ਮਹਾਰਾਜ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮਨੁੱਖੀ ਜੀਵਨ ਦਾ ਮੂਲ ਉਦੇਸ਼ ਸੇਵਾ, ਸਿਮਰਨ ਅਤੇ ਸੱਚੇ ਮਾਰਗ ’ਤੇ ਚੱਲਣਾ ਹੈ। ਇਸ ਲਈ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਨੂੰ ਸਫਲ ਬਣਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।