ਕੱਲ ਤੋਂ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਸਥਿਤ ਮੋੜਾ ਟੋਲ ਪਲਾਜਾ ਫ੍ਰੀ ਕਰਨ ਦਾ ਐਲਾਨ
ਹਿਮਾਚਲ ਐਂਟਰੀ ਟੈਕਸ ਵਿਰੁੱਧ ਸੰਘਰਸ਼ ਤਿੱਖਾ 2 ਮਈ ਨੂੰ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਸਥਿਤ ਐਨ ਐਚ ਏ ਆਈ ਮੋੜਾ ਟੋਲ
Publish Date: Thu, 30 Apr 2026 04:47 PM (IST)
Updated Date: Thu, 30 Apr 2026 04:49 PM (IST)

ਇੱਕ ਨੈਸ਼ਨਲ ਹਾਈਵੇ ‘ਤੇ ਦੋ ਟੋਲ ਨਹੀਂ ਚੱਲਣਗੇ, ਸ਼ਾਮ ਨੂੰ ਹੋਣਗੇ ਹੋਰ ਵੱਡੇ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ‘ਚ ਸੰਘਰਸ਼ ਹੁਣ ਤਿੱਖੇ ਮੋੜ ‘ਤੇ ਪਹੁੰਚ ਗਿਆ ਹੈ। ਅੱਜ ਪਿੰਡ ਮੁੰਨੇ ਵਿਖੇ ਕਿਰਤੀ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਰੱਖੀ ਗਈ ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਵੱਲੋਂ 2 ਮਈ ਨੂੰ ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇ ‘ਤੇ ਸਥਿਤ ਮੋੜਾ ਟੋਲ ਪਲਾਜਾ ਨੂੰ ਹਿਮਾਚਲ ਜਾਣ ਵਾਲੀਆਂ ਗੱਡੀਆਂ ਲਈ ਫਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਕਮੇਟੀ ਦਾ ਮੰਨਣਾ ਹੈ ਕਿ ਇੱਕ ਹੀ ਨੈਸ਼ਨਲ ਹਾਈਵੇ ‘ਤੇ ਦੋ ਟੋਲ ਲਗਾਉਣਾ ਗਲਤ ਹੈ ਅਤੇ ਇਸੇ ਰਣਨੀਤੀ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਹੋਰ ਵੀ ਅਹਿਮ ਫੈਸਲੇ ਲਏ ਗਏ। ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ, ਚਾਹੇ ਸੱਤਾਧਾਰੀ ਹੋਵੇ ਜਾਂ ਵਿਰੋਧੀ, ਦੇ ਕਿਸੇ ਵੀ ਨੇਤਾ ਨੂੰ ਮੰਚ ਤੋਂ ਸੰਬੋਧਨ ਕਰਨ ਲਈ ਮਾਈਕ ਨਹੀਂ ਦਿੱਤਾ ਜਾਵੇਗਾ। ਉਹ ਸਿਰਫ ਧਰਨੇ ਵਿੱਚ ਸ਼ਮੂਲੀਅਤ ਕਰ ਸਕਣਗੇ। ਪ੍ਰਸ਼ਾਸਨ ਨਾਲ ਗੱਲਬਾਤ ਲਈ 11 ਮੈਂਬਰੀ ਅਨੁਸ਼ਾਸਨਿਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਵੀ ਨਿਰਧਾਰਤ ਕੀਤਾ ਗਿਆ ਹੈ ਕਿ ਹਰ ਸਥਾਨ ‘ਤੇ ਸਮੂਹਿਕ ਫੈਸਲੇ ਹੀ ਲਾਗੂ ਕੀਤੇ ਜਾਣਗੇ। ’ਤੇ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਤਮਾਮ 33 ਐਂਟਰੀ ਪੁਆਇੰਟਾਂ ਲਈ ਅਗਲੇ ਐਕਸ਼ਨ ਸਬੰਧੀ ਦੋ ਮਈ ਸ਼ਾਮ ਨੂੰ ਸੰਭਾਵੀ ਐਲਾਨ ਕੀਤਾ ਜਾਵੇਗਾ। ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਸੰਯੁਕਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹਾਲੇ ਤੱਕ ਆਪਣੇ ਹਾਈਵੇ ‘ਤੇ ਲੱਗੇ ਹਿਮਾਚਲ ਦੇ ਗੈਰ-ਸੰਵਿਧਾਨਕ ਟੋਲਾਂ ਨੂੰ ਹਟਾਉਣ ਵਿੱਚ ਅਸਫਲ ਰਹੀ ਹੈ, ਜਿਸ ਕਰਕੇ ਇਹ ਸਖਤ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੈਸੀਪਰੋਕਲ ਟੈਕਸ ਸਬੰਧੀ ਵੀ ਹੁਣ ਤੱਕ ਕੋਈ ਸਪਸ਼ਟ ਬਿਆਨ ਸਾਹਮਣੇ ਨਹੀਂ ਆਇਆ, ਜਿਸ ਨਾਲ ਆਉਣ ਵਾਲੇ ਦਿਨਾਂ ‘ਚ ਸਰਕਾਰ ਦੀ ਜਵਾਬਦੇਹੀ ਵੀ ਤੈਅ ਹੋਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹਿਮਾਚਲ ਦੀ ਸੁੱਖੂ ਸਰਕਾਰ ਨੂੰ ਸਬਕ ਸਿਖਾਉਣ ਲਈ 2 ਮਈ ਨੂੰ ਮੌਕੇ ‘ਤੇ ਹੀ ਹੋਰ ਵੱਡੇ ਐਲਾਨ ਕੀਤੇ ਜਾਣਗੇ। ਇਸ ਦੇ ਨਾਲ ਹੀ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਸਜਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਪੱਕਾ ਮੋਰਚਾ ਲਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ ਨੇ ਕਿਹਾ ਕਿ ਹਿਮਾਚਲ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਕਾਨੂੰਨੀ ’ਤੇ ਜਮੀਨੀ ਦੋਨਾਂ ਲੜਾਈਆਂ ਵਿੱਚ ਵੱਧ ਚੜ ਕੇ ਸਾਥ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੀ ਭਾਰੀ ਸੰਖਿਆ ਵਿੱਚ ਉਥੇ ਪਹੁੰਚ ਕੇ ਸੰਘਰਸ਼ ਨੂੰ ਮਜਬੂਤ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਹੋਈ ਮੀਟਿੰਗ ਵਿੱਚ ਵੀਰ ਸਿੰਘ ਬੜਵਾ, ਕਨਵੀਨਰ ਗੌਰਵ ਰਾਣਾ, ਕਸ਼ਮੀਰ ਸਿੰਘ ਨੰਗਲੀ, ਧਰਮਪਾਲ ਸੈਣੀ, ਪ੍ਰੀਤਮ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਸੂਬੇਦਾਰ ਰੋਸ਼ਨ ਲਾਲ, ਡਾ. ਦਵਿੰਦਰ ਬਜਾੜ, ਹਰਪ੍ਰੀਤ ਸਿੰਘ, ਮੇਜਰ ਸਿੰਘ, ਸੰਜੀਵ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ, ਜਸਬੀਰ ਬਾਠ, ਬਲਵਿੰਦਰ ਸਿੰਘ ਸੇਠੀ ਬੜਵਾ, ਬਿੰਦਰ ਸਸਕੋਰ ਅਤੇ ਬਿੰਦਰ ਭੱਗਲ ਸਮੇਤ ਹੋਰ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਦੌਰਾਨ ਸੰਘਰਸ਼ ਦੇ ਐਲਾਨ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਐਕਸ਼ਨ ਮੋਡ ਵਿੱਚ ਨਜ਼ਰ ਆਏ ਅਤੇ ਮੋਰਚੇ ਨੂੰ ਵੱਡੇ ਪੱਧਰ ‘ਤੇ ਲੈ ਜਾਣ ਲਈ ਅਗਲੇ ਕਦਮਾਂ ਦੀ ਯੋਜਨਾ ਤਿਆਰ ਕੀਤੀ ਗਈ।