ਮਜ਼ਦੂਰ ਦਿਵਸ ਮੌਕੇ ਵਿੱਤ ਮੰਤਰੀ ਦੀ ਕੋਠੀ ਦਾ ਕਰਾਂਗੇ ਘਿਰਾਓ : ਕਪਿਲ ਮਹਿੰਦਲੀ
ਮਜ਼ਦੂਰ ਦਿਵਸ ਮੌਕੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਾਂਗੇ: ਕਪਿਲ ਮਹਿੰਦਲੀ
Publish Date: Wed, 29 Apr 2026 04:33 PM (IST)
Updated Date: Thu, 30 Apr 2026 04:05 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਸਥਾਨਕ ਜਲ ਸਪਲਾਈ ਅਤੇ ਸਫ਼ਾਈ ਵਿਭਾਗ ਦੇ ਮੰਡਲ ਦਫ਼ਤਰ ਵਿਖੇ ਜਲ ਸਪਲਾਈ ਅਤੇ ਸਫ਼ਾਈ ਠੇਕਾ ਕਰਮਚਾਰੀ ਯੂਨੀਅਨ ਪੰਜਾਬ ਦੀਆਂ ਸ਼ਾਖਾਵਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾਂ ਪ੍ਰਧਾਨ ਕਪਿਲ ਮਹਿੰਦਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਆਪਣੇ ਸਹਿਯੋਗੀਆਂ ਸਮੇਤ ਪਹੁੰਚੇ। ਇਸ ਤੋਂ ਇਲਾਵਾ ਮੱਖਣ ਕਾਲਸ, ਸੁਰਿੰਦਰ ਕੁਮਾਰ ਅਤੇ ਜਸਮਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਕਰਮਚਾਰੀਆਂ ਨਾਲ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼ ਅਤੇ ਪ੍ਰਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵਿਕਾਸ ਦੇ ਅਸਲ ਪਹੀਏ ਵੀ ਮਜ਼ਦੂਰ ਹੀ ਹਨ। ਇਸ ਲਈ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਤਨਖਾਹ ਅਤੇ ਹੋਰ ਸਹੂਲਤਾਂ ਦੇਣਾ ਸੰਵਿਧਾਨਕ ਤੇ ਨੈਤਿਕ ਫ਼ਰਜ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਅਧੀਨ ਇਸ ਦਾ ਉਲਟ ਹੋ ਰਿਹਾ ਹੈ ਅਤੇ ਜਦੋਂ ਵੀ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਉਠਾਉਂਦੇ ਹਨ ਤਾਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਜਾਏ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਕੋਈ ਗੰਭੀਰਤਾ ਨਹੀਂ ਵਿਖਾ ਰਹੀ, ਜਿਸ ਦੇ ਵਿਰੋਧ ਵਜੋਂ ਮਜ਼ਦੂਰ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਧਰਨੇ ਵਿੱਚ ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਨੂਰਪੁਰ ਬੇਦੀ ਤੋਂ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰ ਦਿਵਸ ਵਾਲੇ ਦਿਨ ਇਕ ਦਿਨ ਦਾ ਵਿਧਾਨ ਸਭਾ ਇਜਲਾਸ ਤਾਂ ਸੱਦਿਆ ਹੈ, ਪਰ ਜੇਕਰ ਇਸ ਵਿੱਚ ਕੇਵਲ ਰਸਮੀ ਕਾਰਵਾਈ ਕੀਤੀ ਗਈ ਤਾਂ ਤਿੰਨ ਮਈ ਤੋਂ ਬਾਅਦ ਪੰਜਾਬ ਭਰ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੱਚੇ, ਬਾਹਰੀ ਸਰੋਤਾਂ ਰਾਹੀਂ ਰੱਖੇ ਅਤੇ ਸੂਚੀਬੱਧ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਪੰਦਰਵੀਂ ਮਜ਼ਦੂਰ ਕਾਨਫ਼ਰੰਸ ਅਨੁਸਾਰ ਤਨਖਾਹ ਢਾਂਚਾ ਲਾਗੂ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਨੂੰ ਵੀ ਮਨਜ਼ੂਰ ਕੀਤਾ ਜਾਵੇ। ਇਸ ਮੌਕੇ ਮੱਖਣ ਕਾਲਸ ਨੇ ਐਲਾਨ ਕੀਤਾ ਕਿ ਇਕ ਮਈ ਨੂੰ ਰੁਝੇਵੇਂ ਕਾਰਨ ਮੰਡਲ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੂਨੀਅਨ ਦਾ ਝੰਡਾ ਲਹਿਰਾਉਣ ਦੀ ਰਸਮ ਦੋ ਮਈ ਨੂੰ ਅਦਾ ਕੀਤੀ ਜਾਵੇਗੀ। ਮੀਟਿੰਗ ਵਿੱਚ ਪੂਜਾ ਰਾਣੀ, ਜਸਵਿੰਦਰ ਕੌਰ, ਕਿਰਨ ਬਾਲਾ, ਪਰਸ਼ੋਤਮ ਕੌਰ, ਸੋਨੂੰ ਕੁਮਾਰ, ਸੁਰਿੰਦਰ ਬਰੋਟਾ, ਗੁਰਮੁਖ ਸਿੰਘ, ਗੁਰਜੀਤ, ਜੀਤਰਾਮ, ਅਮਿਤ, ਪੱਪੂ, ਕਿਸ਼ੋਰੀ, ਅਰਜੁਨ ਸਿੰਘ, ਰੇਸ਼ਮ, ਮਨਜੀਤ ਸਿੰਘ, ਰਘੂਬੀਰ ਸਿੰਘ ਅਤੇ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਝੰਡਿਆਂ ਸਮੇਤ ਹਾਜ਼ਰ ਸਨ।