ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਪੁਲੀ ਦਾ ਕੰਮ ਸ਼ੁਰੂ
ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਵੱਲੋਂ ਮਾਨਵਤਾ ਲਈ ਵੱਡਾ ਕਦਮ
Publish Date: Fri, 10 Apr 2026 04:00 PM (IST)
Updated Date: Fri, 10 Apr 2026 04:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਇਲਾਕੇ ਵਿਚ ਮਾਨਵਤਾ ਦੇ ਭਲੇ ਲਈ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੀ ਲੜੀ ਤਹਿਤ ਹਰੋ ਦੇ ਪੋ ਨਜ਼ਦੀਕ ਸ੍ਰੀ ਚੰਦਰ ਮੰਦਰ ਸਾਹਮਣੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਤਕਨੀਕ ਨਾਲ ਨਵੀਂ ਪੁਲੀ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪੁਲੀ ਲਗਭਗ 65 ਮੀਟਰ ਲੰਬੀ, 5 ਮੀਟਰ ਚੌੜੀ ਅਤੇ 3 ਮੀਟਰ ਡੂੰਘੀ ਹੋਵੇਗੀ, ਜਿਸ ਨਾਲ ਇਲਾਕੇ ਦੀ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਬਰਸਾਤ ਦੇ ਦਿਨਾਂ ਵਿਚ ਇੱਥੇ ਪਹਾੜਾਂ ਵਿੱਚੋਂ ਆਉਣ ਵਾਲੇ ਪਾਣੀ ਨਾਲ ਮਲਬਾ ਇਕੱਠਾ ਹੋ ਜਾਂਦਾ ਸੀ, ਜਿਸ ਕਾਰਨ ਵਾਹਨ ਅਕਸਰ ਫਸ ਜਾਂਦੇ ਸਨ ਅਤੇ ਲੋਕਾਂ ਨੂੰ ਵਿੱਤੀ ਨੁਕਸਾਨ ਦੇ ਨਾਲ ਨਾਲ ਆਵਾਜਾਈ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਸਾਰੇ ਸੇਵਾ ਕਾਰਜ ਅਕਾਲ ਪੁਰਖ ਦੀ ਕਿਰਪਾ ਨਾਲ ਹੋ ਰਹੇ ਹਨ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲੀ ਦੇ ਨਿਰਮਾਣ ਨਾਲ ਨਾ ਸਿਰਫ਼ ਬਰਸਾਤੀ ਸਮੱਸਿਆਵਾਂ ਦਾ ਹੱਲ ਹੋਵੇਗਾ, ਸਗੋਂ ਹਰੋ ਦੇ ਪੋ ਵਾਲੀ ਔਖੀ ਚੜ੍ਹਾਈ ‘ਤੇ ਚਲਣ ਵਾਲੀਆਂ ਗੱਡੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਸ ਮੌਕੇ ਮਨਜਿੰਦਰ ਸਿੰਘ ਅਟਵਾਲ, ਸੇਵਾਦਾਰ ਗੌਰਵ ਰਾਣਾ, ਹਰਪਾਲ ਸਿੰਘ ਪਾਲੀ, ਸਿਮਰਨਜੀਤ ਸਿੰਘ ਸਿੰਮਾਂ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।