ਨਹਿਰ ਦੀ ਪਟੜੀ ਤੋਂ ਮਿਲਿਆ ਮਰਿਆ ਸਾਂਬਰ
ਪਿੰਡ ਕਲਿਆਣਪੁਰ ਹਾਈਡਲ ਚੈਨਲ ਨਹਿਰ ਦੀ ਕੱਚੀ ਪਟੜੀ ਤੋਂ ਮਿਲਿਆ ਮਰਿਆ ਹੋਇਆ ਸਾਂਬਰ
Publish Date: Fri, 03 Apr 2026 04:58 PM (IST)
Updated Date: Fri, 03 Apr 2026 05:01 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਪਿੰਡ ਕਲਿਆਣਪੁਰ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਂਦੇ ਪੈਦਲ ਰਸਤੇ ਦੇ ਅਤੇ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣੇ ਪੁਲ ਦੇ ਨਜਦੀਕ ਨਹਿਰ ਦੀ ਪਟੜੀ ਦੇ ਨਾਲ ਉੱਗੀਆਂ ਝਾੜੀਆਂ ਵਿੱਚੋਂ ਇੱਕ ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਮਰਿਆ ਹੋਇਆ ਸਾਂਬਰ ਮਿਲਿਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਜਦੋਂ ਸੈਰ ਕਰਨ ਲਈ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀ ਪਟੜੀ ਰਾਹੀਂ ਪੁਲ ਵਾਲੇ ਪਾਸੇ ਗਏ ਤਾਂ ਉਹਨਾਂ ਨੂੰ ਇੱਕ ਮਰਿਆ ਹੋਇਆ ਜਾਨਵਰ ਦਿਖਾਈ ਦਿੱਤਾ ਜਿਸ ਨੂੰ ਕੁੱਤੇ ਖਾ ਰਹੇ ਸੀ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਜਾ ਕੇ ਉਥੋਂ ਕੁੱਤਿਆਂ ਨੂੰ ਭਜਾਇਆ ਗਿਆ। ਉਹਨਾਂ ਦੱਸਿਆ ਕਿ ਇਲਾਕੇ ਅੰਦਰ ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਕਈ ਲੋਕ ਲੋਹੇ ਦੀਆਂ ਤਾਰਾਂ ਦੇ ਕੜਕੇ ਫਾਹੀਆਂ ਬਣਾ ਕੇ ਲਗਾ ਦਿੰਦੇ ਹਨ ਜਿਸ ਕਾਰਨ ਜਾਨਵਰ ਉਹਨਾਂ ਵਿਚ ਫਸ ਕੇ ਮਰਦੇ ਹਨ। ਉਹਨਾਂ ਕਿਹਾ ਕਿ ਇਸ ਜੰਗਲੀ ਸਾਂਬਰ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਦੀਆਂ ਲੱਤਾਂ ਕਿਸੇ ਫਾਹੀ ਦੇ ਵਿਚ ਫਸੀਆਂ ਹੋਣ ਅਤੇ ਜੋਰ ਲਗਾਉਣ ’ਤੇ ਇਹ ਜਾਨਵਰ ਕੜੱਕੀ ਫਾਹੀ ਵਿੱਚੋਂ ਬਾਹਰ ਨਿਕਲ ਕੇ ਇਸ ਪਾਸੇ ਆ ਕੇ ਬੈਠ ਗਿਆ ਹੋਵੇ ਅਤੇ ਅਵਾਰਾ ਕੁੱਤਿਆਂ ਵੱਲੋਂ ਇਸ ਉੱਪਰ ਹਮਲਾ ਕਰਕੇ ਇਸ ਨੂੰ ਨੋਚ ਨੋਚ ਕੇ ਖਾਣਾ ਸ਼ੁਰੂ ਕਰ ਦਿੱਤਾ ਹੋਵੇ, ਜਿਸ ਨਾਲ ਇਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਰਾਹੀਂ ਜੰਗਲੀ ਜੀਵ ਰੱਖਿਆ ਵਿਭਾਗ ਨੂੰ ਦਿੱਤੀ ਗਈ। ਜਿਹਨਾਂ ਨੇ ਮੌਕੇ ਉੱਪਰ ਆਪਣੀ ਗੱਡੀ ਭੇਜੀ, ਗੱਡੀ ਵਿਚ ਆਏ ਕਰਮਚਾਰੀਆਂ ਨੇ ਦੱਸਿਆ ਕਿ ਇਹ ਜਾਨਵਰ ਸਾਂਬਰ ਹੈ । ਗੱਡੀ ਦੇ ਚਾਲਕ ਨੇ ਦੱਸਿਆ ਕਿ ਜੋ ਵੀ ਕਾਰਵਾਈ ਕਰਨੀ ਹੈ, ਉਹ ਸਾਡੇ ਉੱਚ ਅਧਿਕਾਰੀ ਹੀ ਕਰਨਗੇ ਉਹ ਤਾਂ ਸਿਰਫ ਜਾਨਵਰ ਨੂੰ ਲੈਣ ਵਾਸਤੇ ਆਏ ਹਨ। ਉਹਨਾਂ ਵੱਲੋਂ ਉਕਤ ਮਰੇ ਹੋਏ ਸਾਂਬਰ ਨੂੰ ਆਪਣੀ ਗੱਡੀ ਵਿਚ ਪਾ ਕੇ ਰੋਪੜ ਲੈ ਗਏ।