ਨਿਕਾਸੀ ਨਾਲਾ ਪ੍ਰਾਜੈਕਟ ਅਟਕਿਆ, ਇੰਟਰ-ਪਿੰਡ ਵਿਵਾਦ ਬਣੀ ਰੁਕਾਵਟ
ਗੰਦੇ ਪਾਣੀ ਨਾਲ ਛੱਪੜ ਬਣੀ ਸੜਕ
Publish Date: Fri, 27 Mar 2026 06:48 PM (IST)
Updated Date: Fri, 27 Mar 2026 06:50 PM (IST)

ਬੀਡੀਪੀਓ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਵੀ ਨਹੀਂ ਹੋਇਆ ਮਸਲੇ ਦਾ ਸਹੀ ਹੱਲ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਬੁੰਗਾ ਸਾਹਿਬ ਮਾਰਗ ਦੀ ਹਾਲਤ ਇਨ੍ਹਾਂ ਦਿਨੀਂ ਬਹੁਤ ਹੀ ਬਦਤਰ ਹੋ ਚੁੱਕੀ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਨੇ ਪੂਰੀ ਤਰ੍ਹਾਂ ਛੱਪੜ ਦਾ ਰੂਪ ਧਾਰ ਲਿਆ ਹੈ, ਜਿਸ ਕਾਰਨ ਰਾਹਗੀਰਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਖੜ੍ਹਾ ਗੰਦਾ ਪਾਣੀ ਨਾ ਸਿਰਫ਼ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸਗੋਂ ਹਾਦਸਿਆਂ ਦਾ ਖਤਰਾ ਵੀ ਵਧਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਸਭ ਕੁਝ ਦੇਖਦੇ ਹੋਏ ਵੀ ਅਣਗਹਿਲੀ ਕਰ ਰਹੇ ਹਨ। ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਕੇਵਲ ਅਸਥਾਈ ਹੱਲ ਕਰਕੇ ਮਾਮਲਾ ਠੰਢਾ ਪਾ ਦਿੱਤਾ ਗਿਆ। ਹੁਣ ਹਾਲਾਤ ਪਹਿਲਾਂ ਤੋਂ ਵੀ ਵੱਧ ਖਰਾਬ ਹੋ ਚੁੱਕੇ ਹਨ। ਪਾਣੀ ਖੜ੍ਹਾ ਰਹਿਣ ਕਾਰਨ ਸੜਕ ਟੁੱਟਣ ਲੱਗ ਪਈ ਹੈ ਅਤੇ ਲੋਕਾਂ ਨੂੰ ਹਰ ਰੋਜ਼ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜੰਗ ਲੜਨੀ ਪੈ ਰਹੀ ਹੈ। ਬਰਫ਼ ਦੇ ਕਾਰਖ਼ਾਨੇ ਨੇੜੇ ਪਾਣੀ ਦੇ ਵੱਡੇ ਖੱਡੇ ਬਣ ਗਏ ਹਨ, ਜਿੱਥੇ ਲੰਘਦੇ ਵਾਹਨਾਂ ਨਾਲ ਛਿੱਟੇ ਪੈਂਦੇ ਹਨ ਅਤੇ ਲੋਕਾਂ ਦੇ ਕੱਪੜੇ ’ਤੇ ਸਮਾਨ ਖਰਾਬ ਹੋ ਜਾਂਦਾ ਹੈ। ਪਿੰਡ ਬੱਸੀ ਦੇ ਰਵੀਪਾਲ ਸਿੰਘ, ਫੁੰਮਣ ਸਿੰਘ ਅਤੇ ਸਰਵਜੀਤ ਸਿੰਘ ਆਦਿ ਨੇ ਦੱਸਿਆ ਕਿ ਇਹ ਮਸਲਾ ਬੀਡੀਪੀਓ ਨੂਰਪੁਰਬੇਦੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪਰ ਕੋਈ ਢੰਗ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾਂ ਲੋਕ ਮਜਬੂਰਨ ਸੜਕ ਜਾਮ ਕਰਨਗੇ। ਸਥਾਨਕ ਲੋਕਾਂ ਅਨੁਸਾਰ ਇਹ ਸਮੱਸਿਆ ਨਵੀਂ ਨਹੀਂ ਹੈ, ਸਗੋਂ ਲੰਮੇ ਸਮੇਂ ਤੋਂ ਚੱਲ ਰਹੀ ਹੈ। ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਦੌਰਾ ਕਰਕੇ ਹੱਲ ਦੇ ਵਾਅਦੇ ਕੀਤੇ ਗਏ ਸਨ, ਪਰ ਅਮਲ ਦੇ ਪੱਧਰ ’ਤੇ ਸਿਰਫ਼ ਅਸਥਾਈ ਕਾਰਵਾਈ ਹੀ ਹੋਈ। ਇਸ ਕਰਕੇ ਹਰੇਕ ਵਾਰ ਮੀਂਹ ਜਾਂ ਪਾਣੀ ਇਕੱਠਾ ਹੋਣ ਨਾਲ ਹਾਲਾਤ ਦੁਬਾਰਾ ਖਰਾਬ ਹੋ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਪੱਕਾ ਡ੍ਰੇਨੇਜ ਪ੍ਰਬੰਧ ਨਹੀਂ ਬਣਦਾ, ਤਦ ਤੱਕ ਇਸ ਸਮੱਸਿਆ ਦਾ ਕੋਈ ਢੰਗ ਦਾ ਹੱਲ ਨਹੀਂ ਨਿਕਲ ਸਕਦਾ। ਵਰਨਣਯੋਗ ਹੈ ਕਿ ਇਸ ਮਾਰਗ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਪ੍ਰਬੰਧ ਨਹੀਂ ਹੈ। ਨੇੜਲੇ ਘਰਾਂ ਦਾ ਗੰਦਾ ਪਾਣੀ ਸਿੱਧਾ ਸੜਕ ’ਤੇ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਸੜਕ ਛੱਪੜ ਬਣ ਚੁੱਕੀ ਹੈ। ਇਸ ਰਸਤੇ ਰਾਹੀਂ ਕਈ ਪਿੰਡਾਂ ਦੇ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਨੂਰਪੁਰਬੇਦੀ ਆਉਂਦੇ-ਜਾਂਦੇ ਹਨ, ਜਿਨ੍ਹਾਂ ਵਿਚ ਸਕੂਲੀ ਬੱਚੇ ਅਤੇ ਨੌਕਰੀਪੇਸ਼ਾ ਲੋਕ ਵੀ ਸ਼ਾਮਲ ਹਨ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਜੇਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਮਾਰਗ ਦੇ ਰੀ-ਨਿਰਮਾਣ ਨਾਲ ਸੰਬੰਧਤ ਡ੍ਰੇਨੇਜ ਸਿਸਟਮ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸੜਕ ਦੇ ਨਾਲ ਪੱਕਾ ਨਾਲਾ ਬਣਾਇਆ ਜਾਣਾ ਹੈ। ਪਰ ਕੁੰਭੇਵਾਲ ਪਿੰਡ ਵੱਲੋਂ ਆਪਣੇ ਬਰਸਾਤੀ ਨਾਲੇ ਵਿੱਚ ਗੰਦਾ ਪਾਣੀ ਛੱਡਣ ’ਤੇ ਐਤਰਾਜ਼ ਕਰਨ ਕਾਰਨ ਇਹ ਕੰਮ ਰੁਕਿਆ ਹੋਇਆ ਹੈ, ਜਿਸ ਨਾਲ ਨਿਕਾਸੀ ਪ੍ਰਬੰਧ ਲਾਗੂ ਨਹੀਂ ਹੋ ਸਕਿਆ। ਬਦਲਵੀਂ ਪਾਈਪਲਾਈਨ ਯੋਜਨਾ ’ਤੇ ਕੰਮ ਜਾਰੀ : ਸਰਪੰਚ ਸਰਪੰਚ ਨਿਰਮਲਾ ਦੇਵੀ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੰਭੇਵਾਲ ਪਿੰਡ ਵੱਲੋਂ ਰੋਕ ਲਗਾਉਣ ਕਾਰਨ ਮੌਜੂਦਾ ਯੋਜਨਾ ਅਟਕ ਗਈ ਹੈ। ਹਾਲਾਂਕਿ ਪੰਚਾਇਤ ਵੱਲੋਂ ਨਿਕਾਸੀ ਲਈ ਜ਼ਮੀਨ ਖਰੀਦੀ ਗਈ ਹੈ ਅਤੇ ਪਾਈਪਲਾਈਨ ਰਾਹੀਂ ਪਾਣੀ ਨੂੰ ਉਥੇ ਮੋੜਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ।