1 ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ’ਤੇ ਪੱਕਾ ਧਰਨਾ ਲਾਉਣ ਦਾ ਐਲਾਨ
ਮਾਮਲਾ ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਦਾ
Publish Date: Thu, 26 Mar 2026 05:58 PM (IST)
Updated Date: Thu, 26 Mar 2026 06:02 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਵਿਚ ਕੀਤੇ ਗਏ ਅਥਾਹ ਵਾਧੇ ਦੇ ਵਿਰੋਧ ਵਿਚ ਇਲਾਕਾ ਬਚਾਓੁ ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ ਸਰਹੱਦ ਦੇ ਨਾਲ ਲਗਦੇ ਐਂਟਰੀ ਨਾਕਿਆਂ ’ਤੇ ਇੱਕ ਅਪਰੈਲ ਤੋਂ ਪੱਕਾ ਧਰਨਾ ਲਗਾ ਕੇ ਜਾਮ ਕੀਤਾ ਜਾਵੇਗਾ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਇਲਾਕਾ ਬਚਾਓੁ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਹੀ। ਮੋਰਚਾ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ ਬਾਵਾ, ਰਮਨ ਸ਼ਰਮਾ, ਦੀਪਕ ਨੰਦਾ, ਰਾਮ ਕੁਮਾਰ ਸ਼ਰਮਾ, ਕਸ਼ਮੀਰ ਸਿੰਘ, ਦਰਸ਼ਨ ਸਿੰਘ ਨੰਗਲੀ, ਰਾਜਨ ਆਨੰਦ, ਤਰਸੇਮ ਲਾਲ, ਰਾਕੇਸ ਚੌਧਰੀ ਆਦਿ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ਐਂਟਰੀ ਨਾਕਿਆਂ ’ਤੇ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿਚ ਜਿਥੇ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਆਗੂਆਂ ਵਲੋਂ ਇਸ ਐਂਟਰੀ ਟੈਕਸ ਦੇ ਵਿਰੋਧ ਵਿਚ ਅਵਾਜ਼ ਚੁੱਕੀ ਜਾ ਰਹੀ ਹੈ, ਪਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਅੜੀਅਲ ਰਵੱਈਆਂ ਦਾ ਸਬੂਤ ਦਿੰਦਿਆਂ ਹਾਲੇ ਤੱਕ ਇਸ ਨਾਦਰਸ਼ਾਹੀ ਫਰਮਾਨ ਨੂੰ ਵਾਪਿਸ ਨਹੀ ਲਿਆ ਗਿਆ। ਜਿਸ ਕਾਰਣ ਇਲਾਕਾ ਬਚਾਓ ਸੰਘਰਸ਼ ਕਮੇਟੀ ਵਲੋਂ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੰਦਿਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਨੇ 31 ਮਾਰਚ ਤੱਕ ਆਪਣਾ ਫੈਸਲਾ ਵਾਪਿਸ ਨਾ ਲਿਆ ਤਾ ਇੱਕ ਮਾਰਚ ਤੋਂ ਐਂਟਰੀ ਨਾਕਿਆਂ ਜਿਨਾ ਵਿਚ ਖਾਸ ਤੌਰ ’ਤੇ ਮਹਿਤਪੁਰ, ਕੀਰਤਪੁਰ ਸਾਹਿਬ, ਨਾਲਗੜ੍ਹ, ਘਨੋਲੀ ਆਦਿ ’ਤੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਪੰਚਾਇਤੀ ਰਾਜ ਮੰਤਰੀ ਅਨਿਰੁੱਧ ਦੇ ਐਂਟਰੀ ਟੈਕਸ ਦੇ ਸਬੰਧ ਵਿਚ ਦਿੱਤੇ ਬਿਆਨ ਦੀ ਸ਼ਖਤ ਸ਼ਬਦਾ ਦਾ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਰੋਹ ਅੱਗੇ ਗੋਡੇ ਟੇਕ ਝੁਕਣਾ ਹੀ ਪਵੇਗਾ। ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਸ ਸੰਘਰਸ਼ ਦੀ ਹਮਾਇਤ ਕਰਨ ਲਈ ਵੱਖ ਵੱਖ ਸੰਸਥਾਵਾਂ ਦਾ ਧੰਨਵਾਦ ਕੀਤਾ। ਮੋਰਚਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਇਹ ਐਂਟਰੀ ਟੈਕਸ ਬੰਦ ਨਹੀਂ ਕਰਦੀ ਹੈ ਤਾਂ ਨਗਰ ਕੌਂਸਲ ਨੰਗਲ ਵਲੋਂ ਪਾਏ ਗਏ 9 ਜੂਨ ਦੇ ਮਤੇ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਇਲਾਕਾ ਵਾਸੀਆਂ ਨੂੰ ਸਮਾਜਿਕ, ਧਾਰਮਿਕ, ਰਾਜਨੀਤਿਕ ਵਖਰੇਵਿਆਂ ਤੋਂ ਉਪਰ ਉਠਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਦੀ ਲੁੱਟ ਨੂੰ ਬਚਾਇਆ ਜਾ ਸਕੇ।