ਸਵਦੇਸ਼ੀ ਮੇਲੇ ਦੀ ਕਾਮਯਾਬੀ ਲਈ ਧੰਨਵਾਦ : ਡਾ. ਸੁਭਾਸ਼
ਸਵਦੇਸ਼ੀ ਮੇਲੇ ਦੀ ਕਾਮਯਾਬੀ ਲਈ ਹਲਕੇ ਦੇ ਲੋਕਾਂ ਦਾ ਧੰਨਵਾਦ : ਡਾਕਟਰ ਸੁਭਾਸ਼ ਸ਼ਰਮਾਂ
Publish Date: Tue, 24 Mar 2026 07:03 PM (IST)
Updated Date: Tue, 24 Mar 2026 07:07 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਆਨੰਦਪੁਰ ਸਾਹਿਬ : 18 ਮਾਰਚ ਤੋਂ 23 ਮਾਰਚ ਤੱਕ ਨਯਾ ਨੰਗਲ ਦੇ ਐਨਐਫਐਲ ਸਟੇਡੀਅਮ ਵਿਚ ਲੱਗੇ ਸਵਦੇਸ਼ੀ ਮੇਲੇ ਦੀ ਸ਼ਾਨਦਾਰ ਕਾਮਯਾਬੀ ਲਈ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਹਲਕਾ ਇੰਚਾਰਜ ਡਾ. ਪਰਮਿੰਦਰ ਸ਼ਰਮਾ ਅਤੇ ਸਵਦੇਸ਼ੀ ਜਾਗਰਣ ਮੰਚ ਦੀ ਸਮੁੱਚੀ ਟੀਮ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੰਜ ਦਿਨਾ ਮੇਲੇ ਦਾ ਰਸਮੀ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਵੱਲੋਂ ਕੀਤਾ ਗਿਆ ਸੀ। ਮੇਲੇ ਦੇ ਪਹਿਲੇ ਦਿਨ ਤੋਂ ਹੀ ਲੋਕਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਜੋ ਆਖਰੀ ਦਿਨ ਤੱਕ ਜਾਰੀ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਮੇਲੇ ਦੌਰਾਨ ਵੱਖ-ਵੱਖ ਮਾਣਯੋਗ ਸ਼ਖਸ਼ੀਅਤਾਂ ਨੇ ਸ਼ਿਰਕਤ ਕਰਕੇ ਮੇਲੇ ਦੀ ਸ਼ੋਭਾ ਵਧਾਈ। ਅਖੀਰਲੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹੁੰਚ ਕੇ ਮੇਲੇ ਦਾ ਦੌਰਾ ਕੀਤਾ ਅਤੇ “ਵੋਕਲ ਫੋਰ ਲੋਕਲ” ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਵਿਧਾਇਕ ਸਤਪਾਲ ਸੱਤੀ ਨੇ ਵੀ ਮੇਲੇ ਵਿਚ ਸ਼ਿਰਕਤ ਕਰਕੇ ਸਵਦੇਸ਼ੀ ਅਭਿਆਨ ਦੀ ਸਰਾਹਨਾ ਕੀਤੀ। ਡਾਕਟਰ ਸ਼ਰਮਾਂ ਨੇ ਕਿਹਾ ਕਿ ਮੇਲੇ ਦੌਰਾਨ ਸੰਸਕ੍ਰਿਤਿਕ ਪ੍ਰੋਗਰਾਮ ਵੀ ਖਾਸ ਆਕਰਸ਼ਣ ਦਾ ਕੇਂਦਰ ਰਹੇ। ਇਸਤੋ ਇਲਾਵਾ ਪੰਜਾਬੀ ਗਾਇਕ ਕਨਵਰ ਗਰੇਵਾਲ, ਸੁਨੀਲ ਡੋਗਰਾ, ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੀਆਂ ਪ੍ਰਸਤੁਤੀਆਂ ਨੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਅਤੇ ਹਰ ਸ਼ਾਮ ਨੂੰ ਯਾਦਗਾਰ ਬਣਾਇਆ। ਇਸ ਦੇ ਨਾਲ ਹੀ ਰਾਸਲੀਲਾ ਅਤੇ ਹੋਰ ਸੰਸਕ੍ਰਿਤਿਕ ਪੇਸ਼ਕਾਰੀਆਂ ਨੇ ਮੇਲੇ ਨੂੰ ਰੰਗੀਨ ’ਤੇ ਰੂਹਾਨੀ ਮਾਹੌਲ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਨਾ ਸਿਰਫ ਮੇਲੇ ਨੂੰ ਕਾਮਯਾਬ ਬਣਾਇਆ, ਸਗੋਂ ਸਵਦੇਸ਼ੀ ਉਤਪਾਦਾਂ ਦੀ ਖਰੀਦਦਾਰੀ ਕਰਕੇ ਸਥਾਨਕ ਕਾਰੀਗਰਾਂ ਅਤੇ ਛੋਟੇ ਵਪਾਰੀਆਂ ਨੂੰ ਵੀ ਮਜ਼ਬੂਤੀ ਦਿੱਤੀ। ਡਾਕਟਰ ਸ਼ਰਮਾਂ ਨੇ ਦੱਸਿਆ ਕਿ ਬਾਰਿਸ਼ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਘਟਿਆ ਨਹੀਂ ਅਤੇ ਹਰ ਦਿਨ ਮੇਲੇ ਵਿੱਚ ਭਰਪੂਰ ਭੀੜ ਵੇਖਣ ਨੂੰ ਮਿਲੀ। ਆਯੋਜਕਾਂ ਨੇ ਕਿਹਾ ਕਿ ਲੋਕਾਂ ਦੀ ਇਸ ਤਰ੍ਹਾਂ ਦੀ ਭਾਗੀਦਾਰੀ ਸਵਦੇਸ਼ੀ ਵਿਚਾਰਧਾਰਾ ਪ੍ਰਤੀ ਵਧ ਰਹੀ ਸੂਝਬੂਝ ਨੂੰ ਦਰਸਾਉਂਦੀ ਹੈ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਸਕਾਰਾਤਮਕ ਕਦਮ ਹੈ। ਅਖੀਰ ਵਿਚ ਆਯੋਜਕਾਂ ਨੇ ਦੁਬਾਰਾ ਹਲਕੇ ਦੇ ਸਾਰੇ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਸਹਿਯੋਗ ਨਾਲ ਹੀ ਇਹ ਮੇਲਾ ਇੰਨਾ ਕਾਮਯਾਬ ਹੋ ਸਕਿਆ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੱਡੇ ਪੱਧਰ ‘ਤੇ ਜਾਰੀ ਰਹਿਣਗੇ।