ਨੂਰਪੁਰ ਬੇਦੀ ’ਚ ਸ਼ਰਾਰਤੀ ਅਨਸਰਾਂ ਨੇ ਉਖਾੜੇ ਸਪੀਡ ਬਰੇਕਰ
ਨੂਰਪੁਰ ਬੇਦੀ ਰੂਪਨਗਰ ਮਾਰਗ ਤੇ ਸ਼ਰਾਰਤੀ ਅਨਸਰਾਂ ਦੀ ਮਨਮਾਨੀ ਨੇ ਵਧਾਇਆ ਹਾਦਸਿਆਂ ਦਾ ਖਤਰਾ
Publish Date: Thu, 19 Mar 2026 05:54 PM (IST)
Updated Date: Thu, 19 Mar 2026 05:55 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਲੋਕ ਨਿਰਮਾਣ ਵਿਭਾਗ ਰੂਪਨਗਰ ਵੱਲੋਂ ਨੂਰਪੁਰਬੇਦੀ ਇਲਾਕੇ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਉਪਰਾਲਿਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ। ਵਿਭਾਗ ਨੇ ਬੀਤੇ ਸਮੇਂ ਦੌਰਾਨ ਨੂਰਪੁਰਬੇਦੀ–ਰੂਪਨਗਰ ਮੁੱਖ ਮਾਰਗ ‘ਤੇ ਵੱਖ-ਵੱਖ ਹਾਦਸਾ ਸੰਵੇਦਨਸ਼ੀਲ ਥਾਵਾਂ ‘ਤੇ ਸਪੀਡ ਬਰੇਕਰ ਲਗਾ ਕੇ ਵਾਹਨਾਂ ਦੀ ਤੇਜ਼ ਰਫ਼ਤਾਰ ‘ਤੇ ਕਾਬੂ ਪਾਇਆ ਸੀ, ਜਿਸ ਨਾਲ ਹਾਦਸਿਆਂ ਵਿੱਚ ਵੀ ਵੱਡੀ ਕਮੀ ਆਈ ਸੀ।ਪਰ ਹੁਣ ਕੁਝ ਲੋਕ ਆਪਣੀ ਸਹੂਲਤ ਲਈ ਇਨ੍ਹਾਂ ਸਪੀਡ ਬਰੇਕਰਾਂ ਨੂੰ ਉਖਾੜ ਕੇ ਸੜਕਾਂ ਤੋਂ ਹਟਾ ਰਹੇ ਹਨ, ਜਿਸ ਨਾਲ ਨਾ ਸਿਰਫ਼ ਸਰਕਾਰੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ, ਸਗੋਂ ਲੋਕਾਂ ਦੀਆਂ ਜਾਨਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਇਹ ਕਦਮ ਸਿੱਧੇ ਤੌਰ ‘ਤੇ ਸੜਕ ਸੁਰੱਖਿਆ ਨਾਲ ਖਿਲਵਾੜ ਦੇ ਬਰਾਬਰ ਮੰਨਿਆ ਜਾ ਰਿਹਾ ਹੈ। ਖ਼ਾਸ ਕਰਕੇ ਪਿੰਡ ਅਬਿਆਣਾ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ਤਿੱਖੇ ਅਤੇ ਅੰਨ੍ਹੇ ਮੋੜ ’ਤੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਦੇ ਸਾਹਮਣੇ ਲਗਾਏ ਗਏ ਸਪੀਡ ਬਰੇਕਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਦੋਵੇਂ ਥਾਵਾਂ ਪਹਿਲਾਂ ਹੀ ਹਾਦਸਿਆਂ ਲਈ ਬਹੁਤ ਸੰਵੇਦਨਸ਼ੀਲ ਮੰਨੀਆਂ ਜਾਂਦੀਆਂ ਹਨ। ਸਕੂਲ ਵਿੱਚ ਛੁੱਟੀ ਦੇ ਸਮੇਂ ਬੱਚਿਆਂ ਦੀ ਅਚਾਨਕ ਸੜਕ ‘ਤੇ ਆਵਾਜਾਈ ਅਤੇ ਤੇਜ਼ ਰਫ਼ਤਾਰ ਨਾਲ ਆਉਂਦੇ ਵਾਹਨਾਂ ਦੇ ਕਾਰਨ ਕਈ ਵਾਰ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸੇ ਤਰ੍ਹਾਂ ਅਬਿਆਣਾ ਗੁਰਦੁਆਰਾ ਸਾਹਿਬ ਕੋਲ ਮੌਜੂਦ ਤਿੱਖਾ ਮੋੜ ਵੀ ਹਮੇਸ਼ਾਂ ਖਤਰੇ ਨਾਲ ਭਰਿਆ ਰਹਿੰਦਾ ਹੈ, ਜਿੱਥੇ ਸਾਹਮਣੇ ਤੋਂ ਆਉਂਦੇ ਵਾਹਨਾਂ ਦੀ ਝਲਕ ਆਖ਼ਰੀ ਵੇਲੇ ਹੀ ਪੈਂਦੀ ਹੈ। ਇੱਥੇ ਸਪੀਡ ਬਰੇਕਰਾਂ ਨੇ ਵੱਡੀ ਰਾਹਤ ਦਿੱਤੀ ਸੀ, ਪਰ ਹੁਣ ਉਨ੍ਹਾਂ ਦੇ ਉਖਾੜੇ ਜਾਣ ਨਾਲ ਮੁੜ ਹਾਦਸਿਆਂ ਦੀ ਗਿਣਤੀ ਵਧਣ ਦਾ ਖਤਰਾ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਲੋਕ ਸੜਕ ਹਾਦਸਿਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰ ਦੂਜੇ ਪਾਸੇ ਕੁਝ ਲੋਕ ਆਪਣੀ ਮਨਮਰਜ਼ੀ ਨਾਲ ਅਜਿਹੇ ਕਦਮ ਚੁੱਕ ਕੇ ਆਪਣੀ ਅਤੇ ਹੋਰਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਇਹ ਗੈਰ- ਜ਼ਿੰਮੇਵਾਰਾਨਾ ਵਰਤਾਅ ਨਾ ਸਿਰਫ਼ ਕਾਨੂੰਨੀ ਤੌਰ ‘ਤੇ ਗਲਤ ਹੈ, ਸਗੋਂ ਸਮਾਜ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ ਬਾਕਸ ਇੰਨ ਸੜਕ ਸੁਰੱਖਿਆ ਸਾਂਝੀ ਜ਼ਿੰਮੇਵਾਰੀ : ਜੇਈ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਗੁਰਦਿਆਲ ਸਿੰਘ ਗੋਲਡੀ ਨੇ ਦੱਸਿਆ ਕਿ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਦਸਾ ਪ੍ਰਭਾਵਿਤ ਥਾਵਾਂ ‘ਤੇ ਸਪੀਡ ਬਰੇਕਰ ਲਗਾਏ ਗਏ ਸਨ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ ਨੂੰ ਉਖਾੜ ਕੇ ਵਿਭਾਗ ਦਾ ਨੁਕਸਾਨ ਕਰਨ ਦੇ ਨਾਲ-ਨਾਲ ਹਾਦਸਿਆਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਸੁਰੱਖਿਆ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਨਵੇਂ ਪ੍ਰੋਜੈਕਟ ਅਧੀਨ ਦੁਬਾਰਾ ਸਪੀਡ ਬਰੇਕਰ ਲਗਾਏ ਜਾਣਗੇ।