ਮੁਲਾਜ਼ਮਾਂ ’ਤੇ ਤਸ਼ੱਦਦ ਦੇ ਵਿਰੋਧ ’ਚ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਵਿਧਾਨ ਸਭਾ ਵੱਲ ਵੱਧ ਰਹੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ’ਤੇ ਅੰਨੇਵਾਹ ਤਸ਼ੱਦਦ ਦੇ ਵਿਰੋਧ ਵਿਚ ਕੀਤਾ ਰੋਸ ਪ੍ਰਦਰਸ਼ਨ
Publish Date: Tue, 10 Mar 2026 06:07 PM (IST)
Updated Date: Tue, 10 Mar 2026 06:09 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਮੋਹਾਲੀ ਵਿਖੇ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਵੱਲ ਸ਼ਾਂਤਮਈ ਤਰੀਕੇ ਨਾਲ ਵੱਧ ਰਹੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ’ਤੇ ਸਰਕਾਰ ਵੱਲੋਂ ਅੰਨੇਵਾਹ ਤਸ਼ੱਦਦ ਕਰਨ ਦੇ ਵਿਰੋਧ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਬਲਾਕ ਦੀਆਂ ਹੋਰ ਜਥੇਬੰਦੀਆਂ ਨੇ ਰੋਸ ਪ੍ਰਗਟ ਕੀਤਾ ਅਤੇ ਬਜਟ ’ਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਾ ਕਰਨ ’ਤੇ ਬਜਟ ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਮਹਿੰਦਰ ਕੌਰ, ਹਰਮੇਸ਼ ਕੌਰ, ਗਵਰਮੈਂਟ ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਅਤੇ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਪ੍ਰਿਤਪਾਲ ਸਿੰਘ ਰਾਣਾ ਨੇ ਬੋਲਦਿਆ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਨਦੇਖਾ ਕਰਨ ਦੇ ਰੋਸ ਵਜੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ 8 ਤੋਂ 11 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਅਤੇ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰ ਜਿਨਾਂ ’ਚ ਵੱਡੀ ਗਿਣਤੀ ਵਿਚ ਮਹਿਲਾਵਾਂ ਸਨ ਜਦੋਂ ਉਹ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਹੇ ਸਨ ਤਾਂ ਸਰਕਾਰ ਨੇ ਪਹਿਲਾਂ ਉਹਨਾਂ ਤੇ ਵਾਟਰ ਕੈਨਨ ਨਾਲ਼ ਪਾਣੀ ਦੀਆਂ ਬੁਸ਼ਾਰਾਂ ਮਾਰੀਆਂ ਅਤੇ ਬਾਅਦ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ ਜਿਸ ਦੇ ਕਾਰਨ ਬਹੁਤ ਸਾਰੇ ਮੁਲਾਜ਼ਮ ਅਤੇ ਮਹਿਲਾ ਮੁਲਾਜ਼ਮ ਬੇਹੋਸ਼ ਹੋ ਗਏ। ਜਿਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਅਤੇ ਕਈਆਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ, ਜਿਸ ਦੇ ਵਿਰੋਧ ਵਿੱਚ ਅੱਜ ਜਬਰਦਸਤ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਨਾ ਤਾਂ ਉਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ, ਨਾ ਡੀਏ ਦੀਆਂ ਕਿਸਤਾਂ ਬਾਰੇ ਕੁਝ ਕਿਹਾ ਗਿਆ ਅਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਜਿਸ ਦੇ ਕਾਰਨ ਪੰਜਾਬ ਦੇ ਪੈਨਸ਼ਨਰਾਂ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਤੋਂ ਬਸ ਸਟੈਂਡ ਤੱਕ ਰੋਸ ਮਾਰਚ ਕਰਨ ਤੋਂ ਬਾਅਦ ਮੇਨ ਰੋਡ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਗਈਆਂ। ਇਸ ਮੌਕੇ ਗੁਰਵਿੰਦਰ ਸਸਕੌਰ ਤੋ ਇਲਾਵਾ ਸੰਜੀਵ ਮੋਠਾਪੁਰ ਕਮਲੇਸ਼ ਮੋਠਾਪੁਰ, ਵਿਕਾਸ ਸੋਨੀ, ਗੁਰਚਰਨ ਸਿੰਘ, ਮਹਿੰਦਰ ਕੌਰ, ਹਰਮੇਸ਼ ਕੌਰ, ਜਸਵਿੰਦਰ, ਕੁਲਦੀਪ ਗਿੱਲ, ਬਖਸ਼ੀਸ਼ ਮੁਲਤਾਨੀ, ਗੁਰਪ੍ਰੀਤ ਗਿੱਲ, ਹਰਮੀਤ ਸਿੰਘ ਹਰੀਵਾਲ, ਬਲਵਿੰਦਰ ਸਿੰਘ, ਗੁਲਜਾਰ ਸਿੰਘ, ਯੋਗੇਸ਼ ਕੁਮਾਰ, ਰਾਜੀਵ ਕੁਮਾਰ, ਹਰਮਿੰਦਰ ਕੌਰ, ਸੀਮਾ ਆਦਿ ਮੁਲਾਜ਼ਮ ਹਾਜ਼ਰ ਸਨ।