ਝਿੰਜੜੀ ’ਚ ਸਿਹਤ ਬੀਮਾ ਕੈਂਪ ਨੂੰ ਮਿਲਿਆ ਭਰਪੂਰ ਹੁੰਗਾਰਾ
ਝਿੰਜੜੀ ਵਿਚ ਸਿਹਤ ਬੀਮਾ ਕੈਂਪ ਨੂੰ ਮਿਲਿਆ ਭਰਪੂਰ ਹੁੰਗਾਰਾ
Publish Date: Fri, 06 Mar 2026 04:47 PM (IST)
Updated Date: Fri, 06 Mar 2026 04:51 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਬੀਮਾ ਕਾਰਡ ਬਣਾਉਣ ਦੀ ਮੁਹਿੰਮ ਨੂੰ ਪਿੰਡਾਂ ਵਿਚ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਦੇਖ-ਭਾਲ ਹੇਠ ਇਸ ਮੁਹਿੰਮ ਤਹਿਤ ਅੱਜ ਪਿੰਡ ਝਿੰਜੜੀ ਵਿਚ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਹੁੰਚ ਕਰਕੇ ਸਕੀਮ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਸਿਹਤ ਬੀਮਾ ਕਾਰਡ ਬਣਵਾਏ। ਕੈਂਪ ਦੇ ਆਰੰਭ ਤੋਂ ਹੀ ਲੋਕਾਂ ਦੀ ਭਾਰੀ ਹਾਜ਼ਰੀ ਦੇਖਣ ਨੂੰ ਮਿਲੀ। ਖਾਸ ਕਰਕੇ ਮਹਿਲਾਵਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਇਸ ਮੁਹਿੰਮ ਵਿਚ ਦਿਲਚਸਪੀ ਦਿਖਾਉਂਦੇ ਹੋਏ ਵਧ-ਚੜ੍ਹ ਕੇ ਭਾਗ ਲਿਆ। ਮੌਕੇ ’ਤੇ ਮੌਜੂਦ ਟੀਮ ਵੱਲੋਂ ਲੋਕਾਂ ਦੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਯੋਗ ਪਰਿਵਾਰਾਂ ਦੀ ਤੁਰੰਤ ਰਜਿਸਟ੍ਰੇਸ਼ਨ ਕੀਤੀ ਗਈ। ਇਸ ਕਾਰਵਾਈ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਥਾਂ ਪਿੰਡ ਵਿਚ ਹੀ ਸਹੂਲਤ ਮਿਲੀ, ਜਿਸ ਲਈ ਲੋਕਾਂ ਨੇ ਸੰਤੁਸ਼ਟੀ ਜਤਾਈ। ਕੈਂਪ ਵਿਚ ਆਏ ਹਰ ਵਿਅਕਤੀ ਨੂੰ ਯੋਜਨਾ ਦੀ ਪ੍ਰਕਿਰਿਆ ਅਤੇ ਲਾਭਾਂ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ ਅਤੇ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਮੌਕੇ ’ਤੇ ਹੀ ਨਿਵੇੜਾ ਕੀਤਾ ਗਿਆ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀ ਪਰਿਵਾਰਾਂ ਨੂੰ ਸਰਕਾਰੀ ਅਤੇ ਚੁਣੇ ਹੋਏ ਨਿੱਜੀ ਹਸਪਤਾਲਾਂ ਵਿਚ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਇਲਾਜ ਦੀ ਲਾਗਤ ਲਗਾਤਾਰ ਵੱਧ ਰਹੀ ਹੈ, ਇਸ ਤਰ੍ਹਾਂ ਦੀ ਯੋਜਨਾ ਆਮ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਪਿੰਡ ਪੱਧਰ ’ਤੇ ਲਗਾਏ ਜਾ ਰਹੇ ਕੈਂਪਾਂ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਕੀਮ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚੇ ਅਤੇ ਕੋਈ ਵੀ ਪਰਿਵਾਰ ਇਸ ਸਹੂਲਤ ਤੋਂ ਵਾਂਝਾ ਨਾ ਰਹੇ। ਇਸ ਮੌਕੇ ਹਲਕਾ ਯੂਥ ਪ੍ਰਧਾਨ ਅੱਭੀ ਹੱਲਣ, ਬਲਾਕ ਪ੍ਰਧਾਨ ਗੁਰਮੁਖ ਸਿੰਘ, ਹਰਵਿੰਦਰ ਸਿੰਘ ਹੈਪੀ (ਬਲਾਕ ਕੋਆਰਡੀਨੇਟਰ), ਸਰਪੰਚ ਲਖਵਿੰਦਰ ਸਿੰਘ, ਰਘਬੀਰ ਸਿੰਘ, ਬਲਵੀਰ ਸਿੰਘ, ਰਾਮ ਪ੍ਰਤਾਪ, ਜਗਦੀਸ਼ ਰੀਹਲ, ਪੰਚਾਇਤ ਮੈਂਬਰ ਪ੍ਰੇਮ ਕੌਰ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਅਤੇ ਪਿੰਡ ਵਾਸੀ ਵੀ ਮੌਜੂਦ ਰਹੇ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਦਿਨੇਸ਼ ਚੱਢਾ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਲਈ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਮਹੱਤਵਪੂਰਨ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯੋਜਨਾ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ।