ਪਿੰਡ ਚਬਰੇਵਾਲ ਵਿਖੇ ਲੰਗਰ ਸੇਵਾ ਦੀ ਸਮਾਪਤੀ ਮੌਕੇ ਪਹੁੰਚੇ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖਾਲਸਾ ਪੰਥ ਦੇ ਕੌਮਾਂਤਰੀ ਤਿਉਹਾਰ ਹੋਲਾ ਮਹੱਲਾ ਦੇ ਮੌਕੇ ’ਤੇ ਪਿੰਡ ਚਬਰੇਵਾਲ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸੇਵਾ ਦਲ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਭੱਦੀ–ਨੂਰਪੁਰ ਬੇਦੀ ਮੁੱਖ ਮਾਰਗ ’ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਲਗਾਇਆ ਗਿਆ ਲੰਗਰ ਅੱਜ ਧਾਰਮਿਕ ਸਮਾਗਮ ਨਾਲ ਸਮਾਪਤ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸੇਵਾਦਾਰਾਂ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲਾ ਮਹੱਲਾ ਖਾਲਸੇ ਦੀ ਸ਼ੌਰਿਆ ਪਰੰਪਰਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਹਗੀਰ ਸੰਗਤਾਂ ਲਈ ਲੰਗਰ ਦੀ ਸੇਵਾ ਲਗਾਉਣਾ ਸਿੱਖੀ ਦੇ ਮੂਲ ਸਿਧਾਂਤ “ਸੇਵਾ ਅਤੇ ਸਿਮਰਨ” ਦੀ ਜੀਵੰਤ ਮਿਸਾਲ ਹੈ। ਉਨ੍ਹਾਂ ਪਿੰਡ ਚਬਰੇਵਾਲ ਦੇ ਨਿਵਾਸੀਆਂ ਅਤੇ ਸੇਵਾ ਦਲ ਦੇ ਮੈਂਬਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਗੁਰੂ ਘਰ ਦੀ ਰਹਿਤ-ਮਰਯਾਦਾ ਅਤੇ ਰਿਵਾਇਤਾਂ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਨੌਜਵਾਨ ਪੀੜ੍ਹੀ ਨੂੰ ਵੀ ਸੇਵਾ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਸੰਗਤਾਂ ਨੂੰ ਸਿੱਖੀ ਦੇ ਸਿਧਾਂਤਾਂ ’ਤੇ ਚੱਲਣ ਅਤੇ ਗੁਰਮਤਿ ਮਾਰਗ ਅਪਣਾਉਣ ਲਈ ਪ੍ਰੇਰਿਤ ਕੀਤਾ।