ਸੁਨੀਤਾ ਦੇਵੀ ਬੂਥਗੜ੍ਹ ਬਣੀ ਬਲਾਕ ਸੰਮਤੀ ਨੂਰਪੁਰਬੇਦੀ ਦੀ ਚੇਅਰਮੈਨ
ਸੁਨੀਤਾ ਦੇਵੀ ਬੂਥਗੜ੍ਹ ਬਣੀ ਬਲਾਕ ਸੰਮਤੀ ਨੂਰਪੁਰਬੇਦੀ ਦੀ ਚੇਅਰਮੈਨ
Publish Date: Fri, 06 Mar 2026 04:21 PM (IST)
Updated Date: Fri, 06 Mar 2026 04:24 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਭਾਰੀ ਬਹੁਮਤ ਹਾਸਲ ਕਰਦਿਆਂ ਕੁੱਲ 12 ਸੀਟਾਂ ‘ਤੇ ਆਪਣਾ ਕਬਜ਼ਾ ਕਾਇਮ ਕੀਤਾ ਸੀ। ਇਸ ਜਿੱਤ ਤੋਂ ਬਾਅਦ ਨੂਰਪੁਰਬੇਦੀ ਬਲਾਕ ਸੰਮਤੀ ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਬਲਾਕ ਸੰਮਤੀ ਨੂਰਪੁਰਬੇਦੀ ਦੀ ਚੇਅਰਮੈਨੀ ਦਾ ਅਹੁਦਾ ਮਹਿਲਾ ਵਰਗ ਲਈ ਰਾਖਵਾਂ ਕੀਤਾ ਗਿਆ ਸੀ, ਜਦਕਿ ਵਾਈਸ ਚੇਅਰਮੈਨ ਦਾ ਅਹੁਦਾ ਜਨਰਲ ਕੈਟਾਗਰੀ ਲਈ ਨਿਰਧਾਰਿਤ ਕੀਤਾ ਗਿਆ ਸੀ। ਇਸ ਸਬੰਧੀ ਅੱਜ ਸਥਾਨਕ ਬੀਡੀਪੀਓ ਦਫ਼ਤਰ ਨੂਰਪੁਰਬੇਦੀ ਵਿਖੇ ਚੁਣੇ ਹੋਏ ਸੰਮਤੀ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਹੀ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਕਾਹਨਪੁਰ ਖੂਹੀ ਜੋਨ ਤੋਂ ਚੋਣ ਲੜ ਕੇ ਜੇਤੂ ਰਹੀ ਅਤੇ ਗੁੱਜਰ ਭਾਈਚਾਰੇ ਨਾਲ ਸੰਬੰਧਤ ਸੁਨੀਤਾ ਦੇਵੀ ਬੂਥਗੜ੍ਹ ਨੂੰ ਬਲਾਕ ਸੰਮਤੀ ਨੂਰਪੁਰਬੇਦੀ ਦੀ ਚੇਅਰਮੈਨ ਚੁਣ ਲਿਆ। ਇਸੇ ਤਰ੍ਹਾਂ ਸਰਥਲੀ ਜੋਨ ਤੋਂ ਜੇਤੂ ਸੰਮਤੀ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਰਾਮ ਪ੍ਰਤਾਪ ਤਾਰੀ ਨੂੰ ਬਲਾਕ ਸੰਮਤੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਨਵੇਂ ਚੁਣੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਹਾਰ ਪਾਕੇ ਮੁਬਾਰਕਬਾਦ ਦਿੱਤੀ ਅਤੇ ਹੋਰਨਾਂ ਸੰਮਤੀ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੌਰਾਨ ਵਿਧਾਇਕ ਚੱਢਾ ਨੇ ਕਿਹਾ ਕਿ ਬਲਾਕ ਸੰਮਤੀ ਪੇਂਡੂ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਇਸ ਦੇ ਜ਼ਰੀਏ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਨੂਰਪੁਰਬੇਦੀ ਖੇਤਰ ਵਿੱਚ ਵੀ ਵਿਕਾਸੀ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨਵੇਂ ਚੁਣੇ ਅਹੁਦੇਦਾਰਾਂ ਅਤੇ ਸਾਰੇ ਸੰਮਤੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਕਜੁੱਟ ਹੋ ਕੇ ਇਲਾਕੇ ਦੇ ਵਿਕਾਸ ਲਈ ਕੰਮ ਕਰਨ ਤਾਂ ਜੋ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਜਾ ਸਕੇ। ਇਸ ਮੌਕੇ ਨਵੀਂ ਚੇਅਰਮੈਨ ਸੁਨੀਤਾ ਦੇਵੀ ਬੂਥਗੜ੍ਹ ਅਤੇ ਵਾਈਸ ਚੇਅਰਮੈਨ ਰਾਮ ਪ੍ਰਤਾਪ ਤਾਰੀ ਨੇ ਵੀ ਵਿਧਾਇਕ ਦਿਨੇਸ਼ ਚੱਢਾ ਅਤੇ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਜੋ ਭਰੋਸਾ ਜਤਾਇਆ ਗਿਆ ਹੈ, ਉਸ ‘ਤੇ ਪੂਰਾ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਪਿੰਡਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਅਤੇ ਵਿਕਾਸੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਨੂਰਪੁਰਬੇਦੀ ਬਲਾਕ ਦੇ ਹਰ ਪਿੰਡ ਤੱਕ ਸਰਕਾਰੀ ਸਕੀਮਾਂ ਦੇ ਲਾਭ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਸਮੇਂ-ਸਿਰ ਹੱਲ ਕਰਨ ਲਈ ਸੰਮਤੀ ਵੱਲੋਂ ਸਾਂਝੇ ਤੌਰ ‘ਤੇ ਯਤਨ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ, ਵਾਈਸ ਚੇਅਰਮੈਨ ਤੇ ਵੱਖ-ਵੱਖ ਦੋਨਾਂ ਤੋਂ ਚੁਣੇ ਹੋਏ ਸੰਮਤੀ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ, ਜਰਨੈਲ ਸਿੰਘ ਐਨ ਆਰ ਆਈ, ਭਜਨ ਲਾਲ ਸੋਡੀ, ਨਰਿੰਦਰ ਨਿੰਦੀ ਚਾਹਲ, ਸਰਪੰਚ ਬਲਦੇਵ ਰਾਜ ਕਾਂਗੜ, ਸਾਬਕਾ ਸਰਪੰਚ ਮੋਹਣ ਲਾਲ ਕਾਂਗੜ, ਬਲਵੀਰ ਚੰਦ ਭੋਲੇਵਾਲ, ਆਸ਼ੂ ਕਾਲੜਾ ਅਤੇ ਹੋਰ ਵੱਖ-ਵੱਖ ਆਪ ਆਗੂ ’ਤੇ ਇਲਾਕੇ ਦੇ ਲੋਕ ਹਾਜ਼ਰ ਸਨ। ਬਾਕਸ ਇੰਨ: ਗੁੱਜਰ ਸਮਾਜ ਨੂੰ ਦੂਸਰੀ ਵਾਰ ਮਿਲੀ ਚੇਅਰਮੈਨੀ ਨੂਰਪੁਰਬੇਦੀ ਬਲਾਕ ਸੰਮਤੀ ਦੀ ਨਵ ਨਿਯੁਕਤ ਚੇਅਰਮੈਨ ਸੁਨੀਤਾ ਦੇਵੀ ਜੋ ਕਿ ਗੁੱਜਰ ਸਮਾਜ ਨਾਲ ਸੰਬੰਧ ਰੱਖਦੀ ਹੈ। ਉਹਨਾਂ ਦੀ ਇਸ ਨਿਯੁਕਤੀ ਨਾਲ ਸਮੁੱਚੇ ਗੁੱਜਰ ਸਮਾਜ ’ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇੱਥੇ ਇਹ ਵੀ ਜ਼ਿਕਰ ਯੋਗ ਬਣਦਾ ਹੈ ਕਿ ਗੁਜਰ ਸਮਾਜ ਨੂੰ ਦੂਸਰੀ ਵਾਰ ਚੇਅਰਮੈਨੀ ਦੀ ਕੁਰਸੀ ਪ੍ਰਾਪਤ ਹੋਈ ਹੈ, ਇਹਨਾਂ ਤੋਂ ਪਹਿਲਾਂ ਪ੍ਰੇਮ ਦਾਸ ਬਜਰੂੜ ਵੀ ਕਾਂਗਰਸ ਪਾਰਟੀ ਦੀ ਸਰਕਾਰ ਚ ਬਲਾਕ ਸੰਮਤੀ ਦੇ ਚੇਅਰਮੈਨ ਰਹਿ ਚੁੱਕੇ ਹਨ। ਜਦਕਿ ਇਸ ਤੋ ਕਈ ਦਹਾਕੇ ਪਹਿਲਾਂ ਚੌਧਰੀ ਦੇਵੀ ਚੰਦ ਝਾਂਗੜੀਆਂ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੇ ਬਿਰਾਜਮਾਨ ਰਹੇ ਸੀ। ਜੇ ਗੱਲ ਕਰੀਏ ਹਲਕੇ ਅੰਦਰ ਗੁੱਜਰ ਸਮਾਜ ਦਾ ਇੱਕ ਵੱਡਾ ਵੋਟ ਬੈਂਕ ਹੋਣ ਦੇ ਕਾਰਨ ਹੁਣ ਤੱਕ ਦੀਆਂ ਰਹੀਆਂ ਵੱਖ-ਵੱਖ ਸਰਕਾਰਾਂ ਵਿਚ ਬਲਾਕ ਸੰਮਤੀ ’ਤੇ ਹੋਰ ਕਈ ਅਹਿਮ ਅਹੁਦਿਆਂ ’ਤੇ ਗੁੱਜਰ ਸਮਾਜ ਦੇ ਆਗੂਆਂ ਨੂੰ ਅੱਗੇ ਲਿਆਉਂਦਾ ਗਿਆ ਹੈ ਜੋ ਕਿ ਸਮੁੱਚੇ ਗੁੱਜਰ ਸਮਾਜ ਲਈ ਇੱਕ ਵੱਡੇ ਮਾਣ ਦੀ ਗੱਲ ਹੈ।