134 ਪਿੰਡਾਂ ਦੇ 53.60 ਲੱਖ ਅਟਕੇ, ਮੇਟਾਂ ਦਾ ਫੁੱਟਿਆ ਗੁੱਸਾ
ਇੱਕ ਸਾਲ ਤੋਂ ਮਿਹਨਤਾਨਾ ਬਕਾਇਆ, ਮੇਟਾਂ ਦਾ ਫੂਟਿਆ ਗੁੱਸਾ 134 ਪਿੰਡਾਂ ਦੇ 53.60 ਲੱਖ ਅਟਕੇ
Publish Date: Fri, 20 Feb 2026 05:22 PM (IST)
Updated Date: Fri, 20 Feb 2026 05:24 PM (IST)

ਸੋਮਵਾਰ ਤੱਕ ਭੁਗਤਾਨ ਨਾ ਹੋਇਆ ਤਾਂ ਮੰਗਲਵਾਰ ਤੋਂ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਨ ਦਾ ਐਲਾਨ ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰ ਬੇਦੀ : ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਵਾਲੇ ਮਨਰੇਗਾ ਮੇਟ ਹੁਣ ਸੰਘਰਸ਼ ਦੇ ਰਾਹ ‘ਤੇ ਆ ਗਏ ਹਨ। ਇਲਾਕੇ ਦੇ 130 ਤੋਂ ਵੱਧ ਮੇਟ ਪਿਛਲੇ ਇੱਕ ਸਾਲ ਤੋਂ ਆਪਣਾ ਬਣਦਾ ਮਾਣਭੱਤਾ ਨਾ ਮਿਲਣ ਕਾਰਨ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਜਾਣਕਾਰੀ ਮੁਤਾਬਕ 134 ਪਿੰਡਾਂ ਦੇ ਮੇਟਾਂ ਦਾ 100 ਦਿਨਾਂ ਦੇ ਰੁਜ਼ਗਾਰ ਅਧੀਨ 400 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਕਰੀਬ 53 ਲੱਖ 60 ਹਜ਼ਾਰ ਰੁਪਏ ਬਕਾਇਆ ਪਿਆ ਹੈ, ਜੋ ਦਫਤਰੀ ਪ੍ਰਕਿਰਿਆ ਵਿਚ ਅਟਕਿਆ ਹੋਇਆ ਹੈ। ਰੋਸ ਵਜੋਂ ਮੇਟਾਂ ਨੇ ਬੀਡੀਪੀਓ ਦਫਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਤਨਖਾਹਾਂ ਖਾਤਿਆਂ ਵਿਚ ਨਾ ਪਈਆਂ ਤਾਂ ਮੰਗਲਵਾਰ ਤੋਂ ਪਿੰਡਾਂ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਬੰਦ ਕਰਕੇ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ। ਮੇਟਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਮਨਰੇਗਾ ਯੋਜਨਾ ਅਧੀਨ ਮੇਟ ਪਿੰਡ ਪੱਧਰ ‘ਤੇ ਸਾਈਟ ਇੰਚਾਰਜ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀਆਂ ਮੁੱਖ ਡਿਊਟੀਆਂ ਵਿਚ ਮਜ਼ਦੂਰਾਂ ਦੀ ਹਾਜ਼ਰੀ ਲਗਾਉਣਾ, ਮਸਟਰ ਰੋਲ ਸੰਭਾਲਣਾ, ਮਜ਼ਦੂਰੀ ਦਾ ਰਿਕਾਰਡ ਰੱਖਣਾ, ਕੰਮ ਦੀ ਮਾਪ-ਤੋਲ, ਗੁਣਵੱਤਾ ਦੀ ਨਿਗਰਾਨੀ ਅਤੇ ਸੁਰੱਖਿਆ ਨਿਯਮ ਲਾਗੂ ਕਰਵਾਉਣਾ ਸ਼ਾਮਲ ਹੈ। ਇੱਕ ਮੇਟ ਨੂੰ ਇੱਕੋ ਸਮੇਂ 40–50 ਮਜ਼ਦੂਰਾਂ ਦੀ ਦੇਖਭਾਲ ਕਰਨੀ ਪੈਂਦੀ ਹੈ, ਜਿਸ ਨਾਲ ਕੰਮ ਦਾ ਬੋਝ ਕਾਫੀ ਵੱਧ ਜਾਂਦਾ ਹੈ। ਮੇਟਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਨਿਯਮਤ ਕਰਮਚਾਰੀ ਦਾ ਦਰਜਾ ਮਿਲਦਾ ਹੈ ਅਤੇ ਨਾ ਹੀ ਪੱਕੀ ਤਨਖਾਹ ਜਾਂ ਭੱਤੇ। ਕਈ ਵਾਰ ਯਾਤਰਾ ਖਰਚ, ਦਸਤਾਵੇਜ਼ੀ ਕਾਰਵਾਈ ਅਤੇ ਡਿਜ਼ੀਟਲ ਹਾਜ਼ਰੀ ਲਈ ਮੋਬਾਈਲ ਡਾਟਾ ਵੀ ਆਪਣੀ ਜੇਬ ਤੋਂ ਲਗਾਉਣਾ ਪੈਂਦਾ ਹੈ। ਮਾਣਭੱਤਾ ਦੇਰ ਨਾਲ ਮਿਲਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਮੇਟਾਂ ਦੀ ਸਖ਼ਤ ਚੇਤਾਵਨੀ ਸਥਾਨਕ ਮੇਟਾ ਵਿਚ ਵਿਜੇ ਕੁਮਾਰ, ਕਮਲਜੀਤ ਕੌਰ, ਕੁਲਦੀਪ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਦਲਜੀਤ ਸਿੰਘ, ਪਰਵਿੰਦਰ ਸਿੰਘ, ਕੁਲਜੀਤ ਕੌਰ, ਸਤੀਸ਼ ਕੁਮਾਰ, ਸ਼ਮਸ਼ੇਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਇੱਕ ਸਾਲ ਤੋਂ ਅਧਿਕਾਰੀ ਵਾਅਦੇ ਕਰਕੇ ਭੁਗਤਾਨ ਟਾਲ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸੰਘਰਸ਼ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਅਤੇ ਨਿਰਧਾਰਿਤ ਸਮੇਂ ਵਿਚ ਭੁਗਤਾਨ ਨਾ ਹੋਇਆ ਤਾਂ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਦਾ ਪੱਖ ਬੀਡੀਪੀਓ ਅਮਰੀਕ ਸਿੰਘ ਨੇ ਕਿਹਾ ਕਿ ਉੱਪਰਲੇ ਪੱਧਰ ਤੋਂ ਫੰਡ ਜਾਰੀ ਨਹੀਂ ਹੋ ਰਹੇ। ਸਾਰੀ ਕਾਗਜ਼ੀ ਕਾਰਵਾਈ ਭੇਜੀ ਜਾ ਚੁੱਕੀ ਹੈ ਅਤੇ ਜਿਵੇਂ ਹੀ ਰਕਮ ਮਿਲੇਗੀ, ਤੁਰੰਤ ਮੇਟਾਂ ਦੇ ਖਾਤਿਆਂ ਵਿਚ ਭੁਗਤਾਨ ਕਰ ਦਿੱਤਾ ਜਾਵੇਗਾ।