ਸ਼ਾਨੋ ਸ਼ੌਕਤ ਨਾਲ ਹੋਲਾ ਮਹੱਲਾ ਮਨਾਉਣ ਲਈ ਸੰਗਤ ਪੁੱਜੇ ਸ਼੍ਰੀ ਅਨੰਦਪੁਰ ਸਾਹਿਬ : ਜਥੇਦਾਰ ਅਕਾਲੀ
ਹੋਲਾ ਮਹੱਲਾ ਪੂਰੇ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਸਮੂਹ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਪੁੱਜਣ: ਜਥੇ ਬਾਬਾ ਬਲਬੀਰ ਸਿੰਘ ਅਕਾਲੀ
Publish Date: Fri, 20 Feb 2026 05:18 PM (IST)
Updated Date: Fri, 20 Feb 2026 05:21 PM (IST)

ਬੁੱਢਾ ਦਲ ਵੱਲੋਂ ਦੋ ਰੋਜ਼ਾ ਵਿਸ਼ੇਸ਼ ਗਤਕਾ ਮੁਕਾਬਲੇ 2 ਤੇ 3 ਮਾਰਚ ਨੂੰ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੁਰੂ ਪਾਤਸ਼ਾਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਵੇਲੇ ਤੋਂ ਚਲੀ ਆ ਰਹੀ ਪੁਰਾਤਨ ਰਵਾਇਤ ਅਨੁਸਾਰ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹੋਲਾ ਮਹੱਲਾ ਦਾ ਤਿਉਹਾਰ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਮਨਾਉਣ ਲਈ ਵੱਧ ਚੜ੍ਹ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਦੱਸਿਆ ਕਿ ਨਿਹੰਗ ਸਿੰਘ ਦਲਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ 2, 3 ਅਤੇ 4 ਮਾਰਚ ਨੂੰ ਹੋਲਾ ਮਹੱਲਾ ਪੂਰੇ ਖਾਲਸਾਈ ਜਲਾਲ ਅਤੇ ਸ਼ਾਨੋ-ਸ਼ੌਕਤ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰੋਸਾਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਨਿਹੰਗ ਸਿੰਘ ਦਲਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਖਾਲਸਾਈ ਪਰੰਪਰਾਵਾਂ ਅਨੁਸਾਰ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਨੂੰ ਪਹਿਲਾਂ ਨਾਲੋਂ ਵੱਧ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਪੁੱਜਣ ਵਾਲੀ ਸੰਗਤ ਦੇ ਰਹਿਣ-ਸਹਿਣ ਅਤੇ ਸੁੱਖ-ਸਹੂਲਤਾਂ ਦੇ ਯੋਗ ਪ੍ਰਬੰਧ ਕੀਤੇ ਜਾਣ ਅਤੇ ਪਿਛਲੇ ਸਾਲਾਂ ਵਾਂਗ ਦੁਰਘਟਨਾ ਬੀਮਾ ਯੋਜਨਾ ਦਾ ਵੀ ਅਗਾਊਂ ਪ੍ਰਬੰਧ ਕੀਤਾ ਜਾਵੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸਥਾਨਕ ਛਾਉਣੀ ਗੁਰੂ ਕਾ ਬਾਗ ਤੋਂ ਜਾਰੀ ਪ੍ਰੈਸ ਨੋਟ ਅਨੁਸਾਰ ਦਲ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਮੂਹ ਸੰਗਤਾਂ ਨੂੰ ਹੋਲਾ ਮਹੱਲਾ ਮੌਕੇ ਵੱਧ ਚੜ੍ਹ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2 ਅਤੇ 3 ਮਾਰਚ ਨੂੰ ਛਾਉਣੀ ਨਿਹੰਗ ਸਿੰਘਾਂ, ਗੁਰੂ ਕਾ ਬਾਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਜੰਗਜੂ ਕਲਾ ਦਾ ਪ੍ਰਤੀਕ ਵਿਰਸਾ ਸੰਭਾਲ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਸਿੱਖ ਪੰਥ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ ਵਿਸ਼ੇਸ਼ ਸ਼ਖਸੀਅਤਾਂ ਨੂੰ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ 4 ਮਾਰਚ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪੁਰਾਤਨ ਪਰੰਪਰਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਨਿਹੰਗ ਸਿੰਘ ਦਲਾਂ ਦੇ ਸਹਿਯੋਗ ਨਾਲ ਛਾਉਣੀ ਗੁਰੂ ਕਾ ਬਾਗ ਬੁੱਢਾ ਦਲ ਤੋਂ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਨਿਸ਼ਾਨ ਨਿਗਾਰਿਆਂ ਦੀ ਛਤਰ-ਛਾਇਆ ਹੇਠ ਅਤੇ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਦੀ ਅਗਵਾਈ ਵਿਚ ਮਹੱਲਾ ਕੱਢਿਆ ਜਾਵੇਗਾ।