ਸਰਕਾਰੀ ਹਸਪਤਾਲ 200 ਰੁਪਏ ’ਚ ਅਲਟਰਾਸਾਊਂਡ ਦੀ ਸਹੂਲਤ ਸ਼ੁਰੂ
ਸਰਕਾਰੀ ਹਸਪਤਾਲ ਸਿੰਘਪੁਰ ’ਚ ਆਉਣ ਵਾਲੇ ਮਰੀਜ਼ ਸਿਰਫ 200 ਰੁਪਏ ’ਚ ਕਰਵਾ ਸਕਦੇ ਆਪਣਾ ਅਲਟਰਾਸਾਊਂਡ : ਵਿਧਾਇਕ ਚੱਢਾ
Publish Date: Fri, 20 Feb 2026 04:51 PM (IST)
Updated Date: Fri, 20 Feb 2026 04:54 PM (IST)

ਪ੍ਰਸ਼ਾਸਨ ਨਾਲ ਰਾਬਤੇ ਤੋਂ ਬਾਅਦ ਪ੍ਰਾਈਵੇਟ ਸੈਂਟਰਾਂ ਨਾਲ ਇੰਪੈਨਲਮੈਂਟ, ਲੋਕਾਂ ਨੂੰ ਵੱਡੀ ਰਾਹਤ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਸਰਕਾਰੀ ਹਸਪਤਾਲ ਸਿੰਘਪੁਰ ’ਚ ਆਉਣ ਵਾਲੇ ਮਰੀਜ਼ਾਂ ਲਈ ਬਹੁਤ ਹੀ ਘੱਟ ਫੀਸ ’ਤੇ ਅਲਟਰਾਸਾਊਂਡ ਦੀ ਸਹੂਲਤ ਉਪਲਬਧ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਅਲਟਰਾਸਾਊਂਡ ਟੈਸਟ ਲਈ ਇੱਧਰ-ਉੱਧਰ ਭਟਕਣਾ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਘੱਟ ਖਰਚੇ ’ਤੇ ਅਲਟਰਾਸਾਊਂਡ ਦੀ ਸੁਵਿਧਾ ਦਿੱਤੀ ਜਾਵੇ। ਇਸ ਮੰਗ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਗਿਆ ਅਤੇ ਇਲਾਕੇ ਦੇ ਵੱਖ-ਵੱਖ ਨਿੱਜੀ ਅਲਟਰਾਸਾਊਂਡ ਸੈਂਟਰਾਂ ਨੂੰ ਹਸਪਤਾਲ ਨਾਲ ਇੰਪੈਨਲ ਕਰ ਦਿੱਤਾ ਗਿਆ ਹੈ। ਜਿਸ ਤਹਿਤ ਹੁਣ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਆਉਣ ਵਾਲੇ ਮਰੀਜ਼ ਸਿਰਫ 200 ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਇੰਪੈਨਲ ਕੀਤੇ ਗਏ ਨਿੱਜੀ ਸੈਂਟਰਾਂ ’ਤੇ ਆਪਣਾ ਅਲਟਰਾਸਾਊਂਡ ਕਰਵਾ ਸਕਦੇ ਹਨ। ਇਹ ਸਹੂਲਤ ਖ਼ਾਸ ਕਰਕੇ ਗਰੀਬ ਅਤੇ ਮੱਧ ਵਰਗ ਲਈ ਵੱਡੀ ਰਾਹਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਨਾ ਕੇਵਲ ਲੋਕਾਂ ਦਾ ਸਮਾਂ ਬਚੇਗਾ, ਬਲਕਿ ਉਹਨਾਂ ਨੂੰ ਸਸਤੀ ਅਤੇ ਭਰੋਸੇਯੋਗ ਸੇਵਾ ਵੀ ਪ੍ਰਾਪਤ ਹੋਵੇਗੀ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਿਧਾਇਕ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਇਸ ਹਸਪਤਾਲ ਵਿਚ ਨਾ ਤਾਂ ਅਲਟਰਾਸਾਊਂਡ ਮਸ਼ੀਨ ਉਪਲਬਧ ਸੀ ਅਤੇ ਨਾ ਹੀ ਡਿਜੀਟਲ ਐਕਸਰੇ ਦੀ ਸਹੂਲਤ। ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹਸਪਤਾਲ ਦੀ ਤਸਵੀਰ ਬਦਲਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਹੁਣ ਡਿਜੀਟਲ ਐਕਸਰੇ ਦੀ ਸਹੂਲਤ ਨਿਰੰਤਰ ਚੱਲ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਵੱਖ-ਵੱਖ ਟੈਸਟਾਂ ਲਈ ਇਕ ਵੱਡੀ ਅਤੇ ਆਧੁਨਿਕ ਲੈਬੋਰਟਰੀ ਦਾ ਨਿਰਮਾਣ ਵੀ ਕਰ ਦਿੱਤਾ ਗਿਆ ਹੈ, ਜਿੱਥੇ ਖੂਨ, ਪਿਸ਼ਾਬ ਅਤੇ ਹੋਰ ਜ਼ਰੂਰੀ ਜਾਂਚਾਂ ਮੌਕੇ ’ਤੇ ਹੀ ਕੀਤੀਆਂ ਜਾ ਰਹੀਆਂ ਹਨ। ਚੱਢਾ ਨੇ ਕਿਹਾ ਕਿ ਹਸਪਤਾਲ ਵਿਚ ਮਾਹਿਰ ਡਾਕਟਰਾਂ ਅਤੇ ਲੋੜੀਂਦੇ ਸਟਾਫ ਦੀ ਨਿਯੁਕਤੀ ਕਰਕੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਦੀ ਉਪਲਬਧਤਾ ਨਾਲ ਮਰੀਜ਼ਾਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਦਾ ਰੁਖ ਨਹੀਂ ਕਰਨਾ ਪੈਂਦਾ। ਵਿਧਾਇਕ ਚੱਢਾ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਹਸਪਤਾਲ ਵਿਚ ਹੋਰ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਘਰ ਦੇ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ। ਇਸ ਮੌਕੇ ’ਤੇ ਐਸਐਮਓ ਡਾ. ਹਰਪ੍ਰੀਤ ਕੌਰ, ਡਾਕਟਰ ਜਗਦੀਪ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸਰਪੰਚ ਰਵਿੰਦਰ ਸਿੰਘ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਕੇਸ਼ਵ ਕੁਮਾਰ, ਬਲਾਕ ਪ੍ਰਧਾਨ ਪਰਮਿੰਦਰ ਬਾਲਾ ਆਦੀ ਹਾਜਰ ਸਨ।